ਅੱਜ ਚੜ੍ਹਦੀ ਸਵੇਰ ਐਨ.ਆਈ.ਏ. ਦੀਆਂ ਟੀਮਾਂ ਵੱਲੋਂ ਮੋਗਾ ਤੇ ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। NIA ਦੀ ਇਕ ਟੀਮ ਪਟਿਆਲਾ ਵਿਖੇ ਵੀ ਪਹੁੰਚੀ ਜਿਥੇ ਪਟਿਆਲਾ ਵਾਸੀ ਅਮਰਪ੍ਰੀਤ ਸਿੰਘ ਦੇ ਘਰ ਅਤੇ ਗੋਦਾਮ ‘ਚ ਛਾਪਾ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਅਮਰਪ੍ਰੀਤ ਸਿੰਘ ਖਾਲਸਾ ਏਡ ਸੰਸਥਾ ਦੇ ਨਾਲ ਸਬੰਧ ਰੱਖਦੇ ਹਨ ਅਤੇ ਦੇ ਖਾਲਸਾ ਏਡ ਏਸ਼ੀਆ ਪੈਸਿਫਿਕ ਖੇਤਰ ਦੇ ਡਾਇਰੈਕਟਰ ਹਨ। ਗੌਰਲਤਬ ਹੈ ਕਿ, ਖਾਲਸਾ ਏਡ ਨੂੰ ਵਿਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਫੰਡ ਪ੍ਰਾਪਤ ਹੁੰਦੇ ਹਨ, ਜਿਸਨੂੰ ਇਹ ਮਨੁੱਖਤਾ ਦੀ ਬਿਹਤਰੀ ਲਈ ਵਰਤਣ ਦਾ ਦਾਅਵਾ ਕਰਦੀ ਹੈ। ਖ਼ਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਨਆਈਏ ਨੇ ਕਿਹੜੇ ਕਾਰਨਾਂ ਕਰਕੇ ਛਾਪੇਮਾਰੀ ਕੀਤੀ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਇੰਨਾ ਹੀ ਨਹੀਂ NIA ਨੇ ਜਲੰਧਰ ਦੇ ਪਿੰਡ ਡੱਲੇਵਾਲ ‘ਚ ਵਿਦੇਸ਼ ਬੈਠੇ ਬਲਵਿੰਦਰ ਸਿੰਘ ਦੇ ਵੀ ਘਰ ਛਾਪਾ ਮਾਰਿਆ ਹੈ, ਜਿਸ ਦੇ ਸਬੰਧ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੈ। ਇਸ ’ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਨ ਅਤੇ ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਮਲੌਟ ਨਜ਼ਦੀਕ ਪਿੰਡ ਸਰਾਵਾਂ ਬੋਦਲਾ ਵਿਖੇ ਇਕ ਟੀਮ ਸਤਨਾਮ ਸਿੰਘ ਦੇ ਘਰ ਵੀ ਪੁੱਜੀ ਅਤੇ ਟੀਮ ਵਲੋਂ ਜਾਂਚ-ਪੜਤਾਲ ਕੀਤੀ ਗਈ। NIA ਵੱਲੋਂ ਸਤਨਾਮ ਸਿੰਘ ਦਾ ਮੌਬਾਇਲ ਫੋਨ ਜ਼ਬਤ ਕੀਤਾ ਗਿਆ ਹੈ ਅਤੇ ਸਤਨਾਮ ਸਿੰਘ ਨੂੰ 7 ਅਗਸਤ ਨੂੰ ਦਿੱਲੀ ਦਫਤਰ ਵਿਖੇ ਪੁੱਛਗਿੱਛ ਲਈ ਵੀ ਬੁਲਾਇਆ ਗਿਆ ਹੈ। ਸੂਤਰਾਂ ਮੁਤਾਬਕ ਸਤਨਾਮ ਸਿੰਘ ਇਕ ਕਿਸਾਨ ਯੂਨੀਅਨ ਨਾਲ ਸਬੰਧ ਰੱਖਦਾ ਹੈ। ਸਤਨਾਮ ਸਿੰਘ ਦਾ ਭਰਾ ਅਰਵਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ। ਕੱਲ੍ਹ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਐਨ.ਆਈ.ਏ ਦੀ ਛਾਪੇਮਾਰੀ ਤੋਂ ਬਾਅਦ ਸਤਨਾਮ ਸਿੰਘ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋਣ ਕਾਰਨ ਪਰਿਵਾਰ ਕੋਲ ਗਿਆ ਸੀ। ਦਸ ਦਈਏ ਕਿ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਨੂੰ ਲੈ ਕੇ NIA ਨੇ ਇਹ ਰੇਡ ਮਾਰੀ ਹੈ।