ਫਰਵਰੀ 2023 ਤੋਂ ਬਾਅਦ ਹੁਣ ਜੂਨ ‘ਚ ਮੁੜ ਤੋਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਗਵਰਨਰ 7 ਅਤੇ 8 ਜੂਨ ਨੂੰ ਦੋ ਦਿਨਾਂ ਲਈ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਮੌਜੂਦਾ ਹਾਲਾਤਾਂ ‘ਤੇ ਵਿਚਾਰ ਚਰਚਾ ਕਰਨਗੇ। ਇਸ ਸਬੰਧੀ ਗਵਰਨਰ ਹਾਊਸ ਤੋਂ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਗਿਆ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 7 ਤੇ 8 ਜੂਨ ਨੂੰ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦਾ ਦੌਰਾ ਕਰਨਗੇ। ਰਾਜ ਭਵਨ ਦੇ ਅਧਿਕਾਰੀ ਨੇ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਇਸ ਦੌਰੇ ਬਾਬਤ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ ਲਈ ਕਿਹਾ ਹੈ।
ਦੱਸ ਦਈਏ ਕਿ ਰਾਜਪਾਲ ਨੇ ਸਰਹੱਦੀ ਜ਼ਿਲ੍ਹਿਆਂ ਦਾ ਪਹਿਲਾ ਦੌਰਾ ਅਪ੍ਰੈਲ 2022 ਵਿੱਚ ਕੀਤਾ ਸੀ ਤੇ ਉਨ੍ਹਾਂ ਦੇ ਪਹਿਲੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਗਏ ਸਨ। ਦੂਜੇ ਦੌਰੇ ਦੌਰਾਨ ਰਾਜਪਾਲ ਨੇ ਸਰਕਾਰ ਖ਼ਿਲਾਫ਼ ਸੁਰ ਤਿੱਖੇ ਕਰ ਲਏ ਸਨ ਤੇ ਇਹ ਦੌਰਾ ਸਤੰਬਰ 2022 ਵਿਚ ਕੀਤਾ ਗਿਆ ਸੀ। ਰਾਜਪਾਲ ਨੇ ਉਦੋਂ ‘ਆਪ’ ਸਰਕਾਰ ਨੂੰ ਟੇਢੇ ਤਰੀਕੇ ਨਾਲ ਨਿਸ਼ਾਨੇ ’ਤੇ ਲੈਂਦਿਆਂ ਕੌਮਾਂਤਰੀ ਤਸਕਰੀ, ਖਣਨ ਤੇ ਹਥਿਆਰਾਂ ਦੀ ਤਸਕਰੀ ਦਾ ਮੁੱਦਾ ਛੋਹਿਆ ਸੀ। ਰਾਜਪਾਲ ਨੇ ਤੀਜਾ ਦੌਰਾ ਫਰਵਰੀ 2023 ’ਚ ਕੀਤਾ ਸੀ।
ਦਸਣਯੋਗ ਹੈ ਕਿ ਰਾਜਪਾਲ ਦੇ ਦੌਰੇ ਦਾ ਕਾਰਨ ਸੁਰੱਖਿਆ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਮੇਤ ਹੋਰ ਕਾਰਨਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਸੀਐਸ ਵੀ ਰਾਜਪਾਲ ਦੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਹੋ ਸਕਦੇ ਹਨ। ਇਸ ਦੇ ਨਾਲ ਹੀ ਹੋਰ ਅਧਿਕਾਰੀ ਅਤੇ ਡੀਜੀਪੀ ਵੀ ਇਕੱਠੇ ਰਹਿ ਸਕਦੇ ਹਨ।