ਫਿਲਮ ਇੰਡਸਟਰੀ ਦੇ ਕਲਾਕਾਰ ਹੁਣ ਸਿਆਸਤ ‘ਚ ਆਪਣੀ ਕਿਸਮਤ ਅਜ਼ਮਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਹੁਣ ਚਰਚਾਵਾਂ ਚੱਲ ਰਹੀਆਂ ਹਨ ਕਿ 2024 ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਭਾਗ ਲੈ ਸਕਦੇ ਹਨ ਅਤੇ ਰਾਜਨੀਤੀ ’ਚ ਇਕ ਨਵੀਂ ਪਾਰੀ ਸ਼ੁਰੂ ਕਰ ਸਕਦੇ ਹੈ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਉਹ ਸਾਲ 2024 ਦੀਆਂ ਐੱਮ. ਪੀ. ਚੋਣਾਂ ’ਚ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਮੀਦਵਾਰ ਖੜ੍ਹੇ ਹੋਣਗੇ। ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਬਾਬਾ ਜੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ, ਜੋ ਸੇਵਾ ਉਹ ਮੰਗ ਰਹੇ ਹਨ, ਉਹ ਉਸ ਨੂੰ ਕਰਨ ਲਈ ਤਿਆਰ ਹਨ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਯੋਗਰਾਜ ਸਿੰਘ ਨੇ ਕਿਹੜੀ ਪਾਰਟੀ ਵਲੋਂ ਚੋਣ ਲੜਨੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ, ਜਿਸ ਪਾਰਟੀ ਤੋਂ ਚੋਣ ਲੜਨ ਦੇ ਹੁਕਮ ਹੋਣਗੇ, ਉਸ ਪਾਰਟੀ ਤੋਂ ਚੋਣ ਲੜੀ ਜਾਵੇਗੀ।
ਦੱਸ ਦੇਈਏ ਕਿ ਯੋਗਰਾਜ ਸਿੰਘ ਦੀਆਂ ਕਈ ਫ਼ਿਲਮਾਂ ਆਉਣ ਵਾਲੇ ਸਮੇਂ ’ਚ ਰਿਲੀਜ਼ ਹੋਣ ਵਾਲੀਆਂ ਹਨ। ਇਨ੍ਹਾਂ ’ਚ ‘ਜੰਗਨਾਮਾ’, ‘ਆਊਟਲਾਅ’, ‘ਸਰਦਾਰਾ ਐਂਡ ਸੰਨਜ਼’, ‘ਮੌਜਾਂ ਹੀ ਮੌਜਾਂ’ ਤੇ ‘ਚੰਬੇ ਦੀ ਬੂਟੀ’ ਸ਼ਾਮਲ ਹਨ।