ਪੰਜਾਬ ਚ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਾਅਵਾ ਕੀਤਾ ਕਿ ਇਸ ਯਾਤਰਾ ਨਾਲ ਕਾਂਗਰਸੀ ਵਰਕਰ ਤਕੜਾ ਹੋ ਰਿਹਾ ਹੈ ਅਤੇ ਅਸੀਂ ਯਾਤਰਾ ਤੋਂ ਬਾਅਦ ਪੰਜਾਬ ਦੇ ਲੋਕ ਪੱਖੀ ਮੁੱਦਿਆਂ ਨੂੰ ਲੈ ਕੇ ਸੜਕਾਂ ’ਤੇ ਉਤਰਾਂਗੇ ਕਿਉਂਕਿ ਲੋਕਾਂ ਨੂੰ ਗਾਂਧੀ ਪਰਿਵਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਨਾਲ ਹੀ ਆਰਐਸਐਸ ’ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਆਰਐਸਐਸ ਦੀ ਜੋ ਸੋਚ ਹੈ ਸਾਡੀ ਉਸਦੇ ਨਾਲ ਸਿੱਧੀ ਲੜਾਈ ਹੈ ਅਤੇ ਜਿੰਨਾ ਚਿਰ ਗਾਂਧੀ ਪਰਿਵਾਰ ਹੈ ਉਨ੍ਹਾਂ ਚਿਰ ਅਸੀਂ ਦੇਸ਼ ’ਚ ਆਰਐਸਐਸ ਦੀ ਵਿਚਾਰਧਾਰਾ ਲਾਗੂ ਨਹੀਂ ਹੋਣ ਦਿਆਂਗੇ।
ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਬੇਸ਼ੱਕ ਉਹ ਆਪਣੀ ਤਾਕਤ ਦੇ ਨਾਲ ਕਈ ਸੂਬਿਆਂ ਵਿਚ ਸਰਕਾਰ ਤਾਂ ਬਣਾ ਸਕਦੇ ਹਨ ਪਰ ਵਿਚਾਰ ਧਾਰਾ ਇਸ ਦੇਸ਼ ‘ਤੇ ਲਾਗੂ ਨਹੀਂ ਸਕਦੀ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ-ਆਰ. ਐੱਸ. ਐੱਸ. ਹਿੰਦੂ-ਮੁਸਲਮਾਨ ਦੀ ਗੱਲ ਕਰਦੇ ਹਨ, ਕਦੇ ਕਬਰਸਥਾਨ ਤੇ ਸ਼ਮਸ਼ਾਨਘਾਟ ਦੀ ਗੱਲ ਕੀਤੀ, ਮੰਦਿਰ-ਮਸਜ਼ਿਦ ਦੀ ਗੱਲ ਕੀਤੀ, ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਵਿਚ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਵਿਚ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਅਜਿਹੇ ਕੰਮ ਪੰਜਾਬ ਵਿਚ ਚੰਗੇ ਨਹੀਂ ਹਨ। ਅਜਿਹੇ ਤਮਾਮ ਮੁੱਦਿਆਂ ‘ਤੇ ਅਸੀਂ ਹਮੇਸ਼ਾ ਲੜਦੇ ਰਹਾਂਗੇ।
ਉਥੇ ਹੀ ਇਸ ਮੌਕੇ ਕਨ੍ਹੱਈਆ ਕੁਮਾਰ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਦੋਵੇਂ ਇਕੋ ਹਨ। ਜੇਕਰ ਆਰ. ਐੱਸ. ਐੱਸ. ਜੜ੍ਹ ਹੈ ਤਾਂ ਭਾਜਪਾ ਇਸ ਦਾ ਫਲ ਹੈ। ਆਰ. ਐੱਸ. ਐੱਸ. ਨੇ ਧਰਮ ਨੂੰ ਜੋੜ ਕੇ ਰਾਜਨੀਤੀ ਕੀਤੀ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਲਈ ਭਾਜਪਾ-ਆਰ. ਐੱਸ. ਐੱਸ. ਵੱਖ-ਵੱਖ ਨਹੀਂ ਹੈ, ਜੋ ਵੀ ਭਾਜਪਾ ਬੋਲ ਰਹੀ ਹੈ, ਉਹ ਆਰ. ਐੱਸ. ਐੱਸ.ਵੱਲੋਂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਆਰ. ਐੱਸ. ਐੱਸ. ‘ਤੇ ਦੋਸ਼ ਲਾਇਆ ਕਿ ਉਹ ਸਨਾਤਨ ਧਰਮ ਦੇ ਚਿੰਨ੍ਹਾਂ ਦੀ ਵਰਤੋਂ ਕਰਕੇ ਉਸ ਧਰਮ ਨਾਲ ਜੁੜੇ ਲੋਕਾਂ ਨੂੰ ਆਪਣੇ ਫਾਇਦੇ ਲਈ ਸਹਿਯੋਗ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ-ਆਰ. ਐੱਸ. ਐੱਸ. ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਿਰਕੂ ਮਤਭੇਦ ਪੈਦਾ ਹੋਏ ਹਨ। ਕਾਂਗਰਸ ਅਤੇ ਆਰ. ਐੱਸ. ਐੱਸ. ਵੱਖ-ਵੱਖ ਵਿਚਾਰਧਾਰਾ ਵਾਲੇ ਹਨ। ਕਾਂਗਰਸ ਜੋ ਵੀ ਕਰ ਰਹੀ ਹੈ, ਸੰਵਿਧਾਨ ਮੁਤਾਬਕ ਹੀ ਕਰ ਰਹੀ ਹੈ।