ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਉਸਦੇ ਸਾਥੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੌਰਾਨ ਹੁਣ ਪੁਲਿਸ ਨੇ ਇਕ ਹੋਰ ਸਖ਼ਤ ਕਾਰਵਾਈ ਕਰਦੇ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮੌਕੇ ਪਾਇਲ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਰਖਾ ਬਾਬਾ ਖੰਨਾ ਦੇ ਥਾਣਾ ਮਲੌਦ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਖਾ ਬਾਬਾ ਅਕਸਰ ਅੰਮ੍ਰਿਤਪਾਲ ਦੇ ਨਾਲ ਹੀ ਰਹਿੰਦਾ ਸੀ। ਉਹ ਅਜਨਾਲਾ ਕਾਂਡ ਵਿਚ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ। ਗੋਰਖਾ ਬਾਬਾ ਅੰਮ੍ਰਿਤਪਾਲ ਦਾ ਗਨਮੈਨ ਬਣ ਕੇ ਰਹਿੰਦਾ ਸੀ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਸੀ। ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਬੁੱਧਵਾਰ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਅੰਮ੍ਰਿਤਪਾਲ ਦੇ ਕਾਫੀ ਨੇੜਲੇ ਦੱਸੇ ਜਾਂਦੇ ਹਨ।