ਪੰਜਾਬ ਦੇ CM ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ ਕਰੀਬ 12 ਵਜੇ ਸਿਵਲ ਸਕੱਤਰੇਤ ਵਿਚ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ। ਜਿਥੇ ਇਸ ਮੀਟਿੰਗ ਵਿਚ ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਉੱਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੀ ਵੱਡਾ ਫ਼ੈਸਲਾ ਆ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਦੀ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਦੀਆਂ ਜੇਲ੍ਹਾਂ ‘ਚੋਂ ਰਿਹਾਅ ਹੋਣ ਵਾਲੇ 51 ਕੈਦੀਆਂ ਦੀ ਸੂਚੀ ਨੂੰ ਹਰੀ ਝੰਡੀ ਦੇਣ ਜਾ ਰਹੀ ਹੈ, ਜਿਸ ‘ਚ ਨਵਜੋਤ ਸਿੱਧੂ ਦਾ ਨਾਂ ਵੀ ਦਰਜ ਹੈ। ਜੇਕਰ ਸਰਕਾਰ ਵੱਲੋਂ ਮੀਟਿੰਗ ‘ਚ ਇਸ ਸਬੰਧੀ ਹਰੀ ਝੰਡੀ ਮਿਲ ਗਈ ਤਾਂ ਨਵਜੋਤ ਸਿੱਧੂ ਕੇਂਦਰੀ ਜੇਲ੍ਹ ‘ਚੋਂ ਰਿਹਾਅ ਹੋ ਸਕਦੇ ਹਨ।
ਪੰਜਾਬ ਸਰਕਾਰ ਲਈ ਇਹ ਬਜਟ ਇਕ ਇਮਤਿਹਾਨ ਵਜੋਂ ਸਾਬਤ ਹੋ ਸਕਦੇ ਹਨ। ਇਸ ਮੌਕੇ ਨਵੀਂ ਐਨਆਰਆਈ ਪਾਲਿਸੀ, ਨਵੀਂ ਖੇਤੀਬਾੜੀ ਪਾਲਿਸੀ ਉਤੇ ਵੀ ਚਰਚਾ ਸੰਭਵ ਹੈ। ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਬਨਿਟ ਵਿਚ ਕੀਤੇ ਗਏ ਫੇਰਬਦਲ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਡਾ. ਬਲਬੀਰ ਸਿੰਘ ਸਿਹਤ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣਗੇ। ਮੁਖ ਮੰਤਰੀ ਭਗਵੰਤ ਮਾਨ ਜ਼ਿਲ੍ਹਿਆਂ ਦੇ ਡੀਸੀਜ਼ ਤੇ ਐਸਐਸਪੀ ਨਾਲ ਅੱਜ ਹਾਈ ਲੈਵਲ ਮੀਟਿੰਗ ਕਰਨਗੇ। ਇਹ ਮੀਟਿੰਗ ਕਾਨੂੰਨ ਵਿਵਸਥਾ , ਨਸ਼ਾ ਅਤੇ ਵਿਕਾਸ ਦੇ ਕੰਮਾਂ ਉਤੇ ਕੇਂਦਰਿਤ ਹੋਵੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 1 ਫਰਵਰੀ ਨੂੰ ਮੀਟਿੰਗ ਰੱਖੀ ਗਈ ਸੀ। ਗਵਰਨਰ ਦੇ ਪ੍ਰੋਗਰਾਮ ਕਾਰਨ ਇਸ ਮੀਟਿੰਗ ਦਾ ਸ਼ਡਿਊਲ ਬਦਲਣਾ ਪਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ।