ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਇਸ ਦੌਰਾਨ ਸਦਨ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਮਿਲੀ। ਦਰਅਸਲ ਸੁਖਪਾਲ ਖਹਿਰਾ ਵਲੋਂ ਸਦਨ ਵਿਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜੇ ਜਾਣ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਗਏ। ਇਸ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਲਖੀ ਦਿਖਾਉਂਦਿਆਂ ਖਹਿਰਾ ਨੂੰ ਪ੍ਰਿੰਸੀਪਲਾਂ ਦੇ ਤੀਜੇ ਬੈਚ ਨਾਲ ਸਿੰਗਾਪੁਰ ਜਾਣ ਦਾ ਆਫਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਲੀਡਰ ਆਪ ਤਾਂ ਅਮਰੀਕਾ-ਕੈਨੇਡਾ ਘੁੰਮਦੇ ਹਨ ਪਰ ਜਦੋਂ ਸਰਕਾਰੀ ਸਕੂਲਾਂ ਦੇ ਆਮ ਪ੍ਰਿੰਸੀਪਲ ਵਿਦੇਸ਼ ਟ੍ਰੇਨਿੰਗ ਲਈ ਜਾਂਦੇ ਹਨ ਤਾਂ ਇਸ ’ਤੇ ਸਵਾਲ ਕਿਉਂ ਚੁੱਕੇ ਜਾਂਦੇ ਹਨ।
ਸਿੱਖਿਆ ਮੰਤਰੀ ਨੇ ਵਿਧਾਨ ਸਭਾ ਵਿਚ ਕਿਹਾ ਕਿ ਸੁਖਪਾਲ ਖਹਿਰਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਦਰਅਸਲ ਖਹਿਰਾ ਵਲੋਂ ਇਕ ਟਵੀਟ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ਿਕਰ ਕਰਦਿਆਂ ਪ੍ਰਿੰਸੀਪਲਾਂ ਦੇ ਮਾਮਲੇ ’ਤੇ ਸਵਾਲ ਚੁੱਕੇ ਸਨ। ਇਸ ’ਤੇ ਬੈਂਸ ਨੇ ਕਿਹਾ ਕਿ ਖਹਿਰਾ ਨੇ ਗਲਤ ਟਵੀਟ ਕੀਤਾ ਸੀ। ਉਹ ਗਲਤ ਜਾਣਕਾਰੀ ਫੈਲਾ ਕੇ ਪੰਜਾਬ ਨੂੰ ਗੁਮਰਾਹ ਕਰ ਰਹੇ ਹਨ। ਮੇਰੇ ਕੋਲ ਖਹਿਰਾ ਖ਼ਿਲਾਫ ਬਕਾਇਦਾ ਸਬੂਤ ਵੀ ਹੈ। ਇਸ ’ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਮੇਰੀ ਜਾਣਕਾਰੀ ਗ਼ਲਤ ਹੈ ਤਾਂ ਤੁਸੀਂ ਮੇਰੇ ਖ਼ਿਲਾਫ਼ ਸਾਈਬਰ ਸੈੱਲ ਵਿਚ ਸ਼ਿਕਾਇਤ ਕਰ ਸਕਦੇ ਹਾਂ ਤਾਂ ਸਿੱਖਿਆ ਮੰਤਰੀ ਨੇ ਕਿਹਾ ਕਿ ਜੇ ਇਹ ਟਵੀਟ ਗਲ਼ਤ ਹੋਇਆ ਤਾਂ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਕੇ ਪੁਲਸ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਕਿਹਾ ਜਾਵੇਗਾ। ਹਾਲਾਂਕਿ ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਇਹ ਟਵੀਟ ਨਹੀਂ ਦੇਖਿਆ । ਖਹਿਰਾ ਨੇ ਕਿਹਾ ਕਿ ਹੋ ਸਕਦਾ ਹੈ ਇਹ ਐਡਿਟ ਕੀਤਾ ਹੋਵੇ। ਇਸ ਦੌਰਾਨ ਖਹਿਰਾ ਨੇ ਇਹ ਵੀ ਚੈਲੰਜ ਕਰ ਦਿੱਤਾ ਕਿ ਜੇ ਉਨ੍ਹਾਂ ਦਾ ਟਵੀਟ ਗ਼ਲਤ ਜਾਂ ਗੁੰਮਰਾਹ ਕਰਨ ਵਾਲਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।