ਇੱਕ ਇੰਟਰਵਿਊ ਦੌਰਾਨ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ‘ਤੇ ਗਏ ਸੁਖਬੀਰ ਬਾਦਲ ਨੇ ਹਰਿਮੰਦਰ ਸਾਹਿਬ ਦਾ ਖਾਤਾ ਨੰਬਰ ਜਾਰੀ ਕਰਕੇ ਲੋਕਾਂ ਨੂੰ ਪੈਸੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਇਸ ਕਦਮ ‘ਤੇ ਸਵਾਲ ਖੜ੍ਹੇ ਕੀਤੇ ਹਨ। ਪਿਛਲੇ ਦਿਨੀਂ ਵੀ ਸੀਐਮ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਮੰਦਰ ਸਾਹਿਬ ਦੇ ਕੰਮਾਂ ਵਿੱਚ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ‘ਤੇ ਸਵਾਲ ਉਠਾਉਂਦੇ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ- “ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉੰ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ..”
ਵੀਡੀਓ ਸੁਣੀਏ ਤਾਂ ਇੰਟਰਵਿਊ ‘ਚ ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ- ਸਾਰੀ ਸੰਗਤ ਸੁਣ ਰਹੀ ਹੋਵੇਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਜ਼ੋਰ-ਸ਼ੋਰ ਨਾਲ ਸੇਵਾ ਵਿੱਚ ਲੱਗੀ ਹੋਈ ਹੈ। ਮੈਂ ਇਸ ਲਈ ਉਹਨਾਂ ਨੂੰ ਵਧਾਈ ਦਿੰਦਾ ਹਾਂ।
ਜਲਦੀ ਹੀ ਅਸੀਂ ਦਰਬਾਰ ਸਾਹਿਬ ਦਾ ਖਾਤਾ ਨੰਬਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਾਂਗੇ, ਜੋ ਵੀ ਯੋਗਦਾਨ ਪਾ ਸਕਦਾ ਹੈ। ਭਾਵੇਂ ਇਹ 5 ਰੁਪਏ ਹੋਵੇ ਜਾਂ 10 ਰੁਪਏ… ਉਸ ਖਾਤੇ ਵਿੱਚ ਜ਼ਰੂਰ ਪਾਓ।
ਮੁੱਖ ਮੰਤਰੀ ਭਗਵੰਤ ਮਾਨ SGPC ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਕਈ ਵਾਰ ਸਵਾਲ ਉਠਾਉਂਦੇ ਰਹੇ ਹਨ। ਪੀ.ਟੀ.ਸੀ ਚੈਨਲ ‘ਤੇ ਗੁਰਬਾਣੀ ਪ੍ਰਸਾਰਣ ਮੁੱਦਾ ਵੀ ਇਸੇ ਦਾ ਇੱਕ ਹਿੱਸਾ ਹੈ। ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸੁਖਬੀਰ ਬਾਦਲ ਨਾਲ ਅਕਾਲੀ ਦਲ ਦੇ ਦਫ਼ਤਰ ਵਿੱਚ ਹੋਈ ਮੀਟਿੰਗ ’ਤੇ ਵੀ ਸਵਾਲ ਉਠਾਏ ਗਏ ਸਨ।