ਕਈ ਸਾਲਾਂ ਤੋਂ ਬੰਦ ਪਈਆਂ ਡਰੱਗਜ਼ ਰਿਪੋਰਟਾਂ ਖੁੱਲ੍ਹਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀ ਸਸਪੈਂਡ ਕੀਤੇ ਗਏ ਪੀ.ਪੀ .ਐਸ. ਅਫ਼ਸਰ ਰਾਜਜੀਤ ਸਿੰਘ ਖਿਲਾਫ਼ ਲੁੱਟ ਆਊਟ ਸਰਕੂਲਰ ਜਾਰੀ ਹੋ ਗਿਆ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇਹ ਵੀ ਖ਼ਬਰ ਆਈ ਹੈ ਕਿ ਸਸਪੈਂਡ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਜੀਲੈਂਸ ਨੂੰ ਜਾਂਚ ਲਈ ਚਿੱਠੀ ਲਿਖੀ ਹੈ, ਜਿਸ ਤੋਂ ਬਾਅਦ ਰਾਜਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਬੈਂਕ ਖ਼ਾਤਿਆਂ ਦੀ ਜਾਂਚ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਸਾਬਕਾ ਅਧਿਕਾਰੀ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੀਲਬੰਦ ਲਿਫ਼ਾਫਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਮਗਰੋਂ ਪੀ. ਪੀ. ਐੱਸ. ਅਧਿਕਾਰੀ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ‘ਚ ਨਾਮਜ਼ਦ ਕਰਦੇ ਹੋਏ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਐੱਸ. ਆਈ. ਟੀ. ਦੀ ਰਿਪੋਰਟ ‘ਚ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀ ਡਰੱਗ ਮਾਮਲੇ ‘ਚ ਭੂਮਿਕਾ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਸਨ। ਸਾਲ 2013 ‘ਚ ਰਾਜਜੀਤ ਸਿੰਘ ਨੂੰ ਐੱਸ. ਐੱਸ. ਪੀ. ਤਰਨਤਾਰਨ ਲਾਇਆ ਗਿਆ ਸੀ ਅਤੇ ਉਸ ਦੀ ਅਪੀਲ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਤਰਨਤਾਰਨ ‘ਚ ਨਿਯੁਕਤ ਕੀਤਾ ਗਿਆ ਸੀ।
ਉਦੋਂ ਰਾਜਜੀਤ ਨੇ ਕਿਹਾ ਸੀ ਕਿ ਸਰਹੱਦੀ ਖੇਤਰ ‘ਚ ਉਨ੍ਹਾਂ ਨੂੰ ਇੰਦਰਜੀਤ ਸਿੰਘ ਦੀਆਂ ਸੇਵਾਵਾਂ ਦੀ ਲੋੜ ਹੈ, ਜਦੋਂ ਕਿ ਉਸ ਸਮੇਂ ਜ਼ਿਲ੍ਹੇ ‘ਚ ਇੰਦਰਜੀਤ ਸਿੰਘ ਤੋਂ ਸੀਨੀਅਰ 40 ਹੋਰ ਅਧਿਕਾਰੀ ਵੀ ਮੌਜੂਦ ਸਨ। ਇੰਦਰਜੀਤ ਨੂੰ ਓ. ਆਰ. ਪੀ. ਰੈਂਕ ਦੇ ਕੇ ਤਰਨਤਾਰਨ ‘ਚ ਸੀ. ਆਈ. ਏ. ਇੰਸਪੈਕਟਰ ਲਾਇਆ ਗਿਆ ਸੀ। ਉਦੋਂ ਉਸ ਨੂੰ ਹੈੱਡ ਕਾਂਸਟੇਬਲ ਤੋਂ ਏ. ਐੱਸ. ਆਈ. ਬਣਾਉਣ ਲਈ ਦੋਹਰੀ ਪਦਉੱਨਤੀ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਅਜਿਹਾ ਕਰਦੇ ਸਮੇਂ ਰਾਜਜੀਤ ਸਿੰਘ ਨੇ ਕਿਹਾ ਸੀ ਕਿ ਇੰਦਰਜੀਤ ਸਿੰਘ ਦੇ ਖ਼ਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਪੈਂਡਿੰਗ ਨਹੀਂ ਹੈ, ਜਦੋਂ ਕਿ ਉਸ ਦੇ ਖ਼ਿਲਾਫ਼ ਜਾਂਚ ਚੱਲ ਰਹੀ ਸੀ।