ਬੰਬੀਹਾ ਗੈਂਗ ਦਾ ਸ਼ਾਰਪ ਸ਼ੂਟਰ ਪੰਜਾਬ ਪੁਲਿਸ ਦੇ ਹੱਥ ਲੱਗਾ ਹੈ। ਅੱਜ ਬਰਨਾਲਾ ਨੇੜੇ ਹੰਡਿਆਇਆ ‘ਚ ਸਟੈਂਡਰਡ ਚੌਂਕ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਮੁਲਜ਼ਮ ਆਪਣੀ ਸਵਿਫਟ ਕਾਰ ਵਿੱਚ ਬਠਿੰਡਾ ਵਾਲੇ ਪਾਸੇ ਤੋਂ ਆ ਰਿਹਾ ਸੀ। ਪੁਲਿਸ ਉਸ ਦੇ ਪਿੱਛੇ ਸੀ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕੀਤੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਬੰਬੀਹਾ ਗੈਂਗ ਦੇ ਸ਼ੂਟਰ ਸੁੱਖੀ ਖਾਨ ਅਤੇ ਉਸ ਦੇ 3 ਮੈਂਬਰਾਂ ਨੂੰ ਵੀ ਫੜਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਫਿਲਹਾਲ ਕੋਈ ਵੀ ਅਧਿਕਾਰੀ ਇਸ ’ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਹੈ। ਮੁਲਜ਼ਮ, ਬੰਬੀਹਾ ਗਿਰੋਹ ਨਾਲ ਸਬੰਧਤ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਹੰਡਿਆਇਆ ਰੋਡ ‘ਤੇ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ ਸੁੱਖੀ ਖਾਨ ਜ਼ਖਮੀ ਹੋ ਗਿਆ। ਉਹ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ। AGTF ਕੋਲ ਖੁਫੀਆ ਜਾਣਕਾਰੀ ਸੀ। ਬੰਬੀਹਾ ਗੈਂਗ ਦੇ ਸਰਗਣੇ ਰਾਤ ਵੇਲੇ ਅੰਮ੍ਰਿਤਸਰ ਤੋਂ ਬਠਿੰਡਾ ਆਏ ਸਨ ਅਤੇ ਅੱਜ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ ਜਦੋਂ ਪੁਲਿਸ ਨੇ ਕਾਬੂ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਸੁੱਖੀ ਖਾਨ ਖਿਲਾਫ ਫਿਰੌਤੀ ਮੰਗਣ ਦੇ ਮਾਮਲੇ ਵੀ ਦਰਜ ਹਨ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਹੈ। ਤਲਾਸ਼ੀ ਦੌਰਾਨ ਕਾਰ ‘ਚੋਂ ਕਾਫੀ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁਨੇਕਾ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਂਪੁਰ, ਹੁਸ਼ਨਪ੍ਰੀਤ ਸਿੰਘ ਉਰਫ ਗਿੱਲ ਅਤੇ ਜਗਸੀਰ ਸਿੰਘ ਉਰਫ ਬਿੱਲਾ ਵਾਸੀ ਲੌਂਗੋਵਾਲ ਸ਼ਾਮਲ ਹਨ।
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਏਜੀਟੀਐਫ ਅਤੇ ਬਰਨਾਲਾ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ। AGTF ਨੂੰ ਸੂਚਨਾ ਮਿਲੀ ਸੀ ਕਿ ਇਹ ਚਾਰੇ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ ਸਨ ਅਤੇ ਜਲੰਧਰ ‘ਚ ਇਕ ਗੱਡੀ ਨੂੰ ਹਾਈਜੈਕ ਕਰ ਲਿਆ ਸੀ। ਇਸ ਤੋਂ ਬਾਅਦ ਉਹ ਜਲੰਧਰ ਤੋਂ ਬਠਿੰਡਾ ਪਹੁੰਚੇ ਸੀ ਅਤੇ ਅਸਲੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਹਾਲੀ ਜਾ ਰਹੇ ਸੀ।
ਏਜੀਟੀਐਫ ਅਤੇ ਬਰਨਾਲਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਉਨ੍ਹਾਂ ਨੂੰ ਹੰਡਿਆਇਆ ਨੇੜੇ ਘੇਰ ਲਿਆ ਜਿੱਥੇ ਕਰਾਸ ਫਾਇਰਿੰਗ ਵੀ ਹੋਈ। ਇਸ ਵਿੱਚ ਸੁਖਜਿੰਦਰ ਸਿੰਘ ਸੁੱਖੀ ਖਾਂ ਨੂੰ ਗੋਲੀ ਲੱਗ ਗਈ, ਜਦੋਂਕਿ ਸਰਕਾਰੀ ਪੁਲਿਸ ਦੀ ਗੱਡੀ ਵੀ ਗੋਲੀਆਂ ਦਾ ਸ਼ਿਕਾਰ ਹੋਈ। 3 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਲਿਜਾਇਆ ਗਿਆ ਹੈ।