ਬਹੁ-ਕਰੋੜੀ ਚਿੱਟ ਫੰਡ ਘੁਟਾਲਾ ਮਾਮਲੇ ਦੇ ਵਿਚ ਵੱਡੀ ਕਾਰਵਾਈ ਕਰਦੇ ਹੋਏ CBI ਨੇ ਅੱਜ ਯਾਨੀ ਮੰਗਲਵਾਰ ਨੂੰ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਹਰਚੰਦ ਪਿਛਲੇ ਕਾਫੀ ਸਮੇਂ ਤੋਂ ਦੇਸ਼ ‘ਚੋਂ ਫਰਾਰ ਹੋ ਗਿਆ ਸੀ। ਸੂਤਰਾਂ ਮੁਤਾਬਕ ਉਹ ਫਿਜੀ ਦੌੜ ਗਿਆ ਸੀ ਅਤੇ ਬਹੁ-ਕਰੋੜੀ ਪੋਂਜੀ ਘੁਟਾਲੇ ‘ਚ ਹਰਚੰਦ ਨੂੰ ਫਿਜੀ ਦੇਸ਼ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਫਿਜੀ ਤੋਂ ਭਾਰਤ ਪਰਤਣ ਮਗਰੋਂ CBI ਨੇ ਹਰਚੰਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸ ਦੇਈਏ ਕਿ ਹਰਚੰਦ ਸਿੰਘ ਗਿੱਲ ਪਰਲਜ਼ ਚਿੱਟ ਫੰਡ ਕੰਪਨੀ ਮਾਮਲੇ ‘ਚ ਮੁੱਖ ਦੋਸ਼ੀ ਨਿਰਮਲ ਸਿੰਘ ਭੰਗੂ ਦਾ ਬੇਹੱਦ ਖ਼ਾਸ ਰਿਹਾ ਹੈ। ਗਿੱਲ ਨੂੰ CBI ਵੱਲੋਂ ਵਿਦੇਸ਼ਾਂ ਵਿਚ ਰਹਿੰਦੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪਰੇਸ਼ਨ ਤ੍ਰਿਸ਼ੂਲ’ ਤਹਿਤ ਡਿਪੋਰਟ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਏਜੰਸੀ ਨੇ ਪਰਲਜ਼ ਗਰੁੱਪ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਵਿਰੁੱਧ 19 ਫਰਵਰੀ 2014 ਨੂੰ ਭੋਲੇ-ਭਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਇਨ੍ਹਾਂ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ। ਹੁਣ CBI ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਦਿੱਲੀ ਵਿਖੇ ਰਾਊਜ਼ ਐਵੇਨਿਊ ਅਦਾਲਤ ‘ਚ ਪੇਸ਼ ਕਰੇਗੀ ਅਤੇ ਉਸਦਾ ਰਿਮਾਂਡ ਹਾਸਲ ਕਰੇਗੀ।