ਓਡੀਸਾ ਦੇ ਬਾਲਾਸੋਰ ਜ਼ਿਲ੍ਹੇ ‘ਚ ਹੋਏ ਤਿਕੋਣੇ ਰੇਲ ਹਾਦਸੇ ਤੋਂ ਲੋਕ ਅਜੇ ਉਭਰੇ ਨਹੀਂ ਸੀ ਕਿ ਹੁਣ ਇਕ ਹੋਰ ਰੇਲ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆ ਚੁੱਕੀ ਹੈ ਅਤੇ ਇਹ ਰੇਲ ਹਾਦਸਾ ਕਿਤੇ ਹੋਰ ਨਹੀਂ ਬਲਕਿ ਓਡੀਸਾ ਵਿਚ ਹੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਓਡੀਸ਼ਾ ਦੇ ਬਰਗੜ੍ਹ ਜ਼ਿਲ੍ਹੇ ‘ਚ ਇਕ ਨਿੱਜੀ ਨੈਰੋ ਗੇਜ ਰੇਲ ਲਾਈਨ ‘ਤੇ ਇਕ ਮਾਲ ਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰ ਗਏ। ਦੱਸਣਯੋਗ ਹੈ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ‘ਚ ਪਿਛਲੇ ਹਫ਼ਤੇ ਕੋਰੋਮੰਡਲ ਐਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਰੇਲ ਦੇ ਪੱਟੜੀ ਤੋਂ ਉਤਰਨ ਅਤੇ ਫਿਰ ਇਕ ਮਾਲ ਗੱਡੀ ਨਾਲ ਟਕਰਾਉਣ ਨਾਲ ਹੋਏ ਹਾਦਸੇ ‘ਚ 275 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੂਨਾ ਪੱਥਰ ਲਿਜਾ ਰਹੀ ਇਕ ਮਾਲ ਗੱਡੀ ਦੇ 5 ਡੱਬੇ ਉਸ ਸਮੇਂ ਪੱਟੜੀ ਤੋਂ ਉਤਰ ਗਏ, ਜਦੋਂ ਉਹ ਡੂੰਗਰੀ ਤੋਂ ਬਗਗੜ੍ਹ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਇਕ ‘ਪ੍ਰਾਈਵੇਟ ਸਾਈਡਿੰਗ’ ਦੇ ਅੰਦਰ ਹੋਈ, ਜਦੋ ਇਕ ਕੰਪਨੀ ਦੀ ਮਲਕੀਅਤ ਹੈ ਅਤੇ ਇਸ ਦੀ ਸਾਂਭ-ਸੰਭਾਲ ਅਤੇ ਸੰਚਾਲਨ ਰੇਲਵੇ ਵਲੋਂ ਨਹੀਂ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੂੰਗਰੀ ਲਾਈਮਸਟੋਨ ਮਾਈਨਸ ਅਤੇ ਏ.ਸੀ.ਸੀ. ਸੀਮੈਂਟ ਪਲਾਂਟ, ਬਰਗੜ੍ਹ ਵਿਚਾਲੇ ਇਕ ਨਿੱਜੀ ਨੈਰੋ ਗੇਜ ਰੇਲ ਲਾਈਨ ਹੈ। ਇੱਥੇ ਮੌਜੂਦ ਲਾਈਨ, ਵੈਗਨ, ਲੋਕੋ ਸਭ ਕੁਝ ਨਿੱਜੀ ਕੰਪਨੀ ਦੀ ਮਲਕੀਅਤ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਰੇਲਵੇ ਪ੍ਰਣਾਲੀ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਇਸੇ ਲਾਈਨ ‘ਤੇ ਘਟਨਾ ਸੋਮਵਾਰ ਸਵੇਰੇ ਹੋਈ।