ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ‘ਚ ਬੀਜੇਪੀ ਆਪਣੇ ਸਿਆਸੀ ਪੈਰ ਅਜ਼ਮਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਰੋਜ਼ਾਨਾ ਕਿਸੇ ਨਾ ਕਿਸੇ ਪੰਜਾਬ ਦੇ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜਿਸ ਤੋਂ ਲੋਕ ਕਾਫੀ ਪ੍ਰਭਾਵ ਹੁੰਦੇ ਹਨ। ਹੁਣ ਬੀਜੇਪੀ ਲੀਡਰ ਗਜੇਂਦਰ ਸ਼ੇਖਾਵਤ ਨੇ ਪੰਜਾਬੀ ਫਿਲਮ ਮੇਕਰ ਅਤੇ ਸਿੰਗਰ ਗਿੱਪੀ ਗਰੇਵਾਲ ਨਾਲ ਮੁਲਾਕਾਤ ਕੀਤੀ। ਸ਼ੇਖਾਵਤ ਨੇ ਟਵੀਟ ਕਰਦਿਆਂ ਗਿੱਪੀ ਗਰੇਵਾਲ ਦੀ ਜੰਮ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਮਿਲ ਕੇ ਖੁਸ਼ੀ ਹੋਈ। ਪੰਜਾਬ ਪ੍ਰਤੀ ਉਹਨਾਂ ਦੀ ਜਜ਼ਬਾਤੀ ਸੋਚ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਇਸ ਮੁਲਾਕਾਤ ਬਾਰੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਗਿੱਪੀ ਗਰੇਵਾਲ ਦੀ ਨਿੱਜੀ ਤੌਰ ’ਤੇ ਮੁਲਾਕਾਤ ਸੀ ਜਾਂ ਕਿਸੇ ਹੋਰ ਵਜ੍ਹਾ ਕਰ ਕੇ ਉਨ੍ਹਾਂ ਨੇ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਮੁਲਾਕਾਤ ਕੀਤੀ ਹੈ। ਪਰ ਦੋਹਾਂ ਦੀ ਇਸ ਮੁਲਾਕਾਤ ਨੇ ਸਿਆਸੀ ਅਟਕਲਾਂ ਛੇੜ ਦਿੱਤੀਆਂ ਹਨ ਕਿ, ਕੀ ਬੀਜੇਪੀ ਹੋਰਨਾਂ ਕਲਾਕਾਰਾਂ ਵਾਂਗ ਗਿੱਪੀ ਗਰੇਵਾਲ ਨੂੰ ਵੀ ਪਾਰਟੀ ‘ਚ ਸ਼ਾਮਲ ਕਰ ਸਕਦੀ ਹੈ? ਕੀ ਸੰਨੀ ਦਿਉਲ ਵਾਂਗ ਗਿੱਪੀ ਗਰੇਵਾਲ ਵੀ 2024 ਦੀ ਲੋਕ ਸਭਾ ਚੋਣ ਲੜ ਸਕਦੇ ਹਨ ?
ਤੁਹਾਨੂੰ ਦੱਸ ਦਈਏ ਕਿ 2024 ਵਿੱਚ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਸਿਆਸੀ ਆਗੂਆਂ ਦੇ ਨਾਲ ਅਦਾਕਾਰ ਅਤੇ ਮਸ਼ਹੂਰ ਲੋਕ ਮੁਲਾਕਾਤਾਂ ਕਰ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਗਿੱਪੀ ਗਰੇਵਾਲ ਵੀ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਪਰ ਇਸ ਸਬੰਧੀ ਗਿੱਪੀ ਗਰੇਵਾਲ ਵੱਲੋਂ ਜਾਂ ਭਾਜਪਾ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।