ਬਾਲੀਵੁੱਡ ਇੰਡਸਟਰੀ ਦੇ ਕਾਮੇਡੀ ਕਲਾਕਾਰ ਰਾਜਪਾਲ ਯਾਦਵ ਇਸ ਸਮੇਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨਾਲ ਇਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਹ ਹੁਣ ਵਿਵਾਦਾਂ ਦੇ ਵਿਚ ਘਿਰ ਗਏ ਹਨ। ਐਕਟਰ ਰਾਜਪਾਲ ਯਾਦਵ ’ਤੇ ਇਕ ਵਿਦਿਆਰਥੀ ਨੇ ਸਕੂਟਰ ਨਾਲ ਟੱਕਰ ਮਾਰਨ ਦਾ ਦੋਸ਼ ਲਗਾਇਆ ਹੈ। ਦਰਅਸਲ, ਰਾਜਪਾਲ ਪ੍ਰਯਾਗਰਾਜ ਦੇ ਕਟਰਾ ਇਲਾਕੇ ਵਿਚ ਇੱਕ ਹਿੰਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੌਰਾਨ ਚਲਾ ਰਹੇ ਸਕੂਟਰ ਦੇ ਖਰਾਬ ਹੋਣ ਕਾਰਨ ਕਾਰਨ ਬਾਲਾਜੀ ਨਾਂ ਦੇ ਵਿਦਿਆਰਥੀ ਨੂੰ ਟੱਕਰ ਵੱਜੀ। ਇਸ ਟੱਕਰ ‘ਚ ਵਿਦਿਆਰਥੀ ਕਥਿਤ ਤੌਰ ‘ਤੇ ਜ਼ਖਮੀ ਹੋ ਗਿਆ। ਵਿਦਿਆਰਥੀ ਨੇ ਘਟਨਾ ਨੂੰ ਲੈ ਕੇ ਕਰਨਲਗੰਜ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਮੁਤਾਬਕ ਵਿਦਿਆਰਥੀ ਬਾਲਾਜੀ ਦਾ ਦੋਸ਼ ਹੈ ਕਿ ਯੂਨੀਵਰਸਿਟੀ ਬੈਂਕ ਰੋਡ ਕੋਲ ਉਹ ਕਿਤਾਬਾਂ ਖਰੀਦ ਰਿਹਾ ਸੀ ਤੇ ਉਥੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਕਾਮੇਡੀ ਕਲਾਕਾਰ ਰਾਜਪਾਲ ਯਾਦਵ ਸਕੂਟਰ ਚਲਾ ਰਹੇ ਸਨ ਤੇ ਉਹ ਉਸ ਨੂੰ ਠੀਕ ਤਰ੍ਹਾਂ ਨਹੀਂ ਚਲਾ ਪਾ ਰਹੇ ਸਨ ਤੇ ਉਨ੍ਹਾਂ ਨੇ ਉਸ ਦੀ ਮੋਟਰ ਸਾਈਕਲ ’ਚ ਟੱਕਰ ਮਾਰ ਦਿੱਤੀ। ਹੋਰ ਤਾਂ ਹੋਰ ਵਿਦਿਆਰਥੀ ਵਲੋਂ ਇਸ ਦਾ ਵਿਰੋਧ ਕਰਨ ’ਤੇ ਅਦਾਕਾਰ ਦੀ ਯੂਨਿਟ ਦੇ ਲੋਕਾਂ ਨੇ ਉਸ ਨਾਲ ਘਟੀਆ ਸ਼ਬਦਾਵਲੀ ਵਰਤੀ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ, ਨਾਲ ਹੀ ਕਥਿਤ ਤੌਰ ’ਤੇ ਵਿਦਿਆਰਥੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਉਥੇ ਦੂਜੇ ਪਾਸੇ ਸ਼ੂਟਿੰਗ ’ਚ ਰੁਕਾਵਟ ਦੇ ਦੋਸ਼ ’ਚ ਰਾਜਪਾਲ ਯਾਦਵ ਨੇ ਕਰਨਲਗੰਜ ਥਾਣੇ ’ਚ ਵਿਦਿਆਰਥੀ ਬਾਲਾਜੀ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਦੋਸ਼ ਹੈ ਕਿ ਮਨ੍ਹਾ ਕਰਨ ਦੇ ਬਾਵਜੂਦ ਵਿਦਿਆਰਥੀ ਆਪਣੇ ਮੋਬਾਇਲ ਨਾਲ ਵੀਡੀਓ ਬਣਾ ਰਿਹਾ ਸੀ। ਰੋਕੇ ਜਾਣ ’ਤੇ ਉਹ ਯੂਨਿਟ ਦੇ ਲੋਕਾਂ ਨਾਲ ਕੁੱਟਮਾਰ ਕਰਨ ਲੱਗਾ, ਜਿਸ ਦੇ ਚਲਦਿਆਂ ਸ਼ੂਟਿੰਗ ਕਰਨ ’ਚ ਦਿੱਕਤ ਹੋਈ। ਇਸਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਆਪਣੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀਆਂ ਅਤੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਚੱਲ ਰਹੀ ਸ਼ੂਟਿੰਗ ਵਿਚ ਵਿਘਨ ਪਾਇਆ। ਵਿਦਿਆਰਥੀ ‘ਤੇ ਸ਼ੂਟਿੰਗ ‘ਚ ਰੁਕਾਵਟ ਪਾਉਣ ਅਤੇ ਕਾਸਟ ਨੂੰ ਪਰੇਸ਼ਾਨ ਕਰਨ ਦਾ ਦੋਸ਼ ਹੈ। ਪੁਲਿਸ ਨੇ ਅਜੇ ਤੱਕ ਕਿਸੇ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਨਹੀਂ ਕੀਤੀ ਹੈ।
ਕਰਨਲਗੰਜ ਥਾਣੇ ਦੇ ਐੱਸਐੱਚਓ ਰਾਮ ਮੋਹਨ ਰਾਏ ਨੇ ਦੱਸਿਆ ਕਿ ਰਾਜ ਜਿਸ ਸਕੂਟਰ ‘ਤੇ ਸਵਾਰ ਸੀ, ਉਹ ਪੁਰਾਣਾ ਸੀ। ਐਸਐਚਓ ਨੇ ਅੱਗੇ ਦੱਸਿਆ ਕਿ ਸਕੂਟਰ ਦੇ ਕਲੱਚ ਦੀ ਤਾਰ ਟੁੱਟਣ ਤੋਂ ਬਾਅਦ ਰਾਜਪਾਲ ਯਾਦਵ ਨੇ ਕੰਟਰੋਲ ਗੁਆ ਦਿੱਤਾ ਅਤੇ ਵਿਿਦਆਰਥੀ ਨੂੰ ਟੱਕਰ ਮਾਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।