ਸੋਮਵਾਰ ਨੂੰ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਬੇਹੱਦ ਹੀ ਮੰਦਭਾਗੀ ਘਟਨਾ ਵਾਪਰੀ। ਹਾਲਾਂਕਿ, ਸਿੱਖ ਸੰਗਤ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੀ ਕੁੱਟਮਾਰ ਕਰਕੇ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਪਰ ਫਿਰ ਵੀ ਇਨਸਾਫ ਦੀ ਮੰਗ ਨੂੰ ਲੈਕੇ ਸਿੱਖ ਭਾਈਵਾਰੇ ਵਿਚ ਰਿਸ ਦੀ ਲਹਿਰ ਹੈ। ਉਥੇ ਹੀ ਹੁਣ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਖ਼ਿਲਾਫ਼ ਰੋਪੜ ਦੀ ਬਾਰ ਐਸੋਸੀਏਸ਼ਨ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਮੁਲਜ਼ਮ ਦਾ ਕੇਸ ਕਿਸੇ ਵੀ ਵਕੀਲ ਵਲੋਂ ਨਾ ਲੜੇ ਜਾਣ ਦਾ ਐਲਾਨ ਕੀਤਾ ਹੈ। ਵਕੀਲਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਰੋਪੜ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਰੋਪੜ ਜ਼ਿਲ੍ਹੇ ਦਾ ਕੋਈ ਵੀ ਵਕੀਲ ਮੁਲਜ਼ਮ ਦਾ ਕੇਸ ਨਾ ਲੜੇ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਪੱਖ ਲਈ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅਮਰਦੀਪ ਸਿੰਘ ਧਾਰਣੀ ਵਲੋਂ ਕੇਸ ਲੜਿਆ ਜਾਵੇਗਾ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਮੋਰਿੰਡਾ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਜਸਵੀਰ ਸਿੰਘ ਉਰਫ ਜੱਸੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ 2 ਦਿਨਾਂ ਰਿਮਾਂਡ ‘ਤੇ ਭੇਜ ਦਿੱਤਾ ਹਨ।
ਇਸੇ ਦੇ ਨਾਲ ਹੀ ਵੱਡੀ ਅਪਡੇਟ ਇਕ ਇਹ ਵੀ ਹੈ ਕਿ ਪੁਲਿਸ ਨੇ ਇਸ ਮਾਮਲੇ ਦੇ ਵਿਚ ਇੱਕ ਹੋਰ FIR ਦਰਜ ਕਰ ਲਈ ਹੈ। ਇਹ ਮਾਮਲਾ ਪਰਮਾਤਮਾ ਸਿੰਘ ਅਤੇ ਜਸਵਿੰਦਰ ਸਿੰਘ ਨਾਮਕ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਮਾਤਮਾ ਸਿੰਘ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ । ਦੋਵਾਂ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੇ ਬਿਆਨਾਂ ਦੇ ਅਧਾਰ ‘ਤੇ ਦਰਜ਼ ਕੀਤਾ ਗਿਆ ਹੈ ।ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਹੈ ।