ਵਿਰੋਧੀ ਗਠਜੋੜ ਵਲੋਂ ਲਿਆਂਦੇ ਬੇਭਰੋਸਗੀ ਮਤੇ ‘ਤੇ ਅੱਜ ਵੀ ਚਰਚਾ ਜਾਰੀ ਹੈ। ਦੂਜੀ ਦਿਨ ਦੀ ਇਸ ਚਰਚਾ ਵਿਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸੰਬੋਧਨ ਕਰਦੇ ਹੋਏ ਲੋਕ ਸਭਾ ‘ਚ ਕਿਹਾ ਕਿ ਉਨ੍ਹਾਂ ਨੂੰ ਸੰਸਦ ‘ਚ ਵਾਪਸ ਲਿਆਉਣ ਲਈ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੀਪੁਰ ਹਿੰਸਾ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਦਿਮਾਗ ਤੋਂ ਨਹੀਂ, ਦਿਲ ਤੋਂ ਬੋਲਣਾ ਚਾਹੁੰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਯਕੀਨੀ ਤੌਰ ‘ਤੇ ਇੱਕ ਜਾਂ ਦੋ ਗੋਲੇ ਚਲਾਵਾਂਗਾ, ਜ਼ਿਆਦਾ ਨਹੀਂ…ਤੁਸੀਂ ਲੋਕ ਆਰਾਮ ਕਰ ਸਕਦੇ ਹੋ। ਰਾਹੁਲ ਗਾਂਧੀ ਨੇ ਕਿਹਾ, “ਭਾਰਤ ਜੋੜੋ ਯਾਤਰਾ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਉਂ ਚੱਲ ਰਿਹਾ ਹਾਂ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਉਂ ਪੈਦਲ ਜਾ ਰਿਹਾ ਹਾਂ। ਸ਼ੁਰੂ ਵਿੱਚ ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ। ਮੈਂ ਸੋਚਦਾ ਸੀ ਕਿ ਮੈਂ ਲੋਕਾਂ ਨੂੰ ਸਮਝਣਾ ਚਾਹੁੰਦਾ ਹਾਂ, ਇਸ ਲਈ ਮੈਂ ਚੱਲ ਰਿਹਾ ਹਾਂ। ਕੁਝ ਦੇਰ ਬਾਅਦ ਮੈਨੂੰ ਡੂੰਘਾਈ ਨਾਲ ਸਮਝ ਆਈ ਕਿ ਜਿਸ ਚੀਜ਼ ਨੂੰ ਮੈਂ ਪਿਆਰ ਕਰਦਾ ਸੀ, ਜਿਸ ਚੀਜ਼ ਲਈ ਮੈਂ ਮਰਨ ਲਈ ਤਿਆਰ ਸੀ, ਗਾਲ੍ਹਾਂ ਸੁਣੀਆਂ, ਮੈਂ ਉਸ ਚੀਜ਼ ਨੂੰ ਸਮਝਣਾ ਚਾਹੁੰਦਾ ਸੀ।
ਲੋਕ ਸਭਾ ‘ਚ ਆਪਣੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ”ਸ਼ੁਰੂਆਤ ਵਿਚ ਮੈਂ 8-10 ਕਿਲੋਮੀਟਰ ਦੌੜਦਾ ਸੀ, ਤਾਂ 25 ਕਿਲੋਮੀਟਰ ਪੈਦਲ ਚੱਲਣ ‘ਚ ਕੀ ਪਰੇਸ਼ਾਨੀ ਹੋਵੇਗੀ ਪਰ ਕੁਝ ਦਿਨਾਂ ਬਾਅਦ ਮੇਰੇ ਪੈਰ ਦੁਖਣ ਲੱਗੇ। ਉਸ ਤੋਂ ਬਾਅਦ ਮੈਨੂੰ ਇੱਕ ਛੋਟੀ ਕੁੜੀ ਤੋਂ ਸ਼ਕਤੀ ਮਿਲੀ। ਮੇਰੀ ਭਾਰਤ ਯਾਤਰਾ ਦੌਰਾਨ ਕਿਸਾਨ ਮੇਰੇ ਕੋਲ ਆਏ। ਉਸਦੀ ਫਸਲ ਖਰਾਬ ਹੋ ਗਈ ਸੀ। ਮੈਂ ਉਸਨੂੰ ਪੁੱਛਿਆ ਕੀ ਤੁਹਾਨੂੰ ਬੀਮੇ ਦੇ ਪੈਸੇ ਮਿਲ ਗਏ..? ਉਸਨੇ ਜਵਾਬ ਦਿੱਤਾ ਕਿ ਉਸਨੂੰ ਇਹ ਨਹੀਂ ਮਿਲਿਆ। ਇਸ ਯਾਤਰਾ ਦੌਰਾਨ ਮੈਂ ਸਾਰਿਆਂ ਦਾ ਦਰਦ ਜਾਣਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਮੇਰੇ ਦਿਲ ਵਿੱਚ ਹੰਕਾਰ ਸੀ, ਭਾਰਤ ਨੇ ਉਸ ਨੂੰ ਮਿਟਾ ਦਿੱਤਾ।”
ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਮਨੀਪੁਰ ਗਿਆ ਸੀ। ਸਾਡੇ ਪ੍ਰਧਾਨ ਮੰਤਰੀ ਨੇ ਅੱਜ ਤੱਕ (ਮਨੀਪੁਰ) ਦਾ ਦੌਰਾ ਨਹੀਂ ਕੀਤਾ, ਕਿਉਂਕਿ ਮਨੀਪੁਰ ਉਨ੍ਹਾਂ ਲਈ ਹਿੰਦੁਸਤਾਨ ਨਹੀਂ ਹੈ। ਜਦੋਂ ਮੈਂ ਮਨੀਪੁਰ ਗਿਆ ਤਾਂ ਮੈਂ ਔਰਤਾਂ ਨੂੰ ਪੁੱਛਿਆ ਕਿ ਕੀ ਹੋਇਆ, ਤਾਂ ਉਨ੍ਹਾਂ ਦੱਸਿਆ ਕਿ ਮੇਰੇ ਛੋਟੇ ਬੱਚੇ ਨੂੰ ਗੋਲੀ ਮਾਰ ਦਿੱਤੀ ਗਈ ਹੈ। ਮੈਂ ਸਾਰੀ ਰਾਤ ਉਸਦੀ ਲਾਸ਼ ਕੋਲ ਪਈ ਰਹੀ। ਡਰ ਲੱਗਿਆ ਤਾਂ ਘਰ ਛੱਡ ਦਿੱਤਾ। ਆਪਣੇ ਨਾਲ ਕੁਝ ਵੀ ਨਹੀਂ ਲੈਕੇ ਆਈ। ਇਕ ਹੋਰ ਕੈਂਪ ਵਿੱਚ ਇੱਕ ਔਰਤ ਨੂੰ ਪੁੱਛਿਆ- ਤੁਹਾਡੇ ਨਾਲ ਕੀ ਹੋਇਆ, ਤਾਂ ਉਹ ਕੰਬਣ ਲੱਗੀ ਅਤੇ ਬੇਹੋਸ਼ ਹੋ ਗਈ। ਇਹ ਸਿਰਫ਼ ਦੋ ਉਦਾਹਰਣਾਂ ਹਨ। ਮਨੀਪੁਰ ਵਿੱਚ ਹਿੰਦੁਸਤਾਨ ਨੂੰ ਮਾਰਿਆ ਹੈ। ਇਹਨਾਂ ਦੀ ਰਾਜਨੀਤੀ ਨੇ ਕਤਲ ਕੀਤਾ ਹੈ।