ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਚਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਗ੍ਰਾਮ ਪੰਚਾਇਤ ਮੂਸਾ ਤੇ ਪਿੰਡ ਵਾਸੀਆਂ ਦੇ ਨਾਲ ਚੰਡੀਗੜ੍ਹ ਪਹੁੰਚੇ ਤੇ ਉਨ੍ਹਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਨੇ ਕੌਮੀ ਇਨਸਾਫ਼ ਮੋਰਚੇ ਨੂੰ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿੰਡ ਤੋਂ ਰਵਾਨਾ ਹੋਣ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਸੀ ਕਿ ਸਜ਼ਾਵਾ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਕੌਮੀ ਇਨਸਾਫ਼ ਮੋਰਚੇ ‘ਚ ਜਾਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ, ਕਿਉਂਕਿ ਸਿੱਧੂ ਨੇ ਬੰਦੀ ਸਿੰਘਾਂ ਦੇ ਹੱਕ ’ਚ ਇਕ ਗੀਤ ਵੀ ਗਾਇਆ ਸੀ, ਜਿਸ ਨੂੰ ਸਰਕਾਰ ਨੇ ਬੈਨ ਕਰ ਦਿੱਤਾ ਸੀ, ਪਰ ਸਾਡੇ ਦੇਸ਼ ਵਿੱਚ ਇਨਸਾਫ਼ ਲੈਣ ਦੇ ਲਈ ਜੱਦੋਜਹਿਦ ਕਰਨੀ ਪੈਂਦੀ ਹੈ।
ਦਸਣਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਕੌਮੀ ਇੰਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਇਸ ਦੌਰਾਨ ਬੀਤੇ ਸੋਮਵਾਰ ਨੂੰ ਪਹਿਲਾ 31 ਮੈਂਬਰੀ ਜਥੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕੀਤਾ ਗਿਆ ਸੀ, ਪਰ ਰਸਤੇ ਵਿੱਚ ਹੀ ਚੰਡੀਗੜ੍ਹ ਪੁਲਿਸ ਨੇ ਰੋਕ ਲਿਆ ਅਤੇ ਫੇਰ ਕੱਲ੍ਹ ਵੀ ਸਿੱਖ ਜਥੇਬੰਦੀਆਂ ਮੁੱਖ ਮੰਤਰੀ ਰਿਹਾਇਸ਼ ਦੀ ਵੱਲ ਰਵਾਨਾ ਹੋਈਆਂ ਸੀ ਪਰ ਪੁਲਿਸ ਨੇ ਉਹਨਾਂ ਨੂੰ ਮੁੜ ਤੋਂ ਚੰਡੀਗੜ੍ਹ ਬਾਰਡਰ ‘ਤੇ ਰੋਕ ਲਿਆ ਸੀ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੈਂਬਰਾਂ ਤੋਂ ਵੱਧ ਲੋਕ ਅੱਗੇ ਨਹੀਂ ਜਾ ਸਕਦੇ। ਇਸ ਲਈ ਪ੍ਰਦਰਸ਼ਨਕਾਰੀਆਂ ਨੇ ਫ਼ੈਸਲਾ ਕੀਤਾ ਕਿ ਪਹਿਲਾਂ ਪੰਜ ਮੈਂਬਰੀ ਜੱਥਾ ਅੱਗੇ ਜਾਵੇਗਾ ਤੇ ਸੀਐਮ ਦੀ ਰਿਹਾਇਸ਼ ਅੱਗੇ ਜਾਪ ਕਰੇਗਾ। ਇਸ ਤੋਂ ਬਾਅਦ ਉਸ ਜੱਥੇ ਦੇ ਵਾਪਸ ਆਉਣ ਉਤੇ ਅਗਲਾ ਜੱਥਾ ਸੀਐਮ ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ।