ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਡੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮਾਮਲਾ ਪੂਰੀ ਤਰ੍ਹਾਂ ਭੱਖਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ‘ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਅਤੇ ‘ਆਪ’ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਭਾਜਪਾ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਿੱਖ ਕੌਮ ਨਾਲ ਕੀਤੇ ਕਰਾਰ ਤੋਂ ਭੱਜ ਕੇ ਭਾਜਪਾ ਨੇ ਗੁਰੂ ਸਾਹਿਬ ਨਾਲ ਧਰੋਹ ਕਮਾਇਆ ਹੈ।
ਲੋਕ ਸਭਾ ਮੈਂਬਰ ਬੀਬਾ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ ਜਿਸ ਦਰਮਿਆਨ ਉਹਨਾਂ ਨੇ ਦਿੱਲੀ ਦੀ ‘ਆਪ’ ਸਰਕਾਰ ਬਾਰੇ ਕਿਹਾ ਕਿ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਦੀ ਆਪ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ। ਉਹਨਾ ਕਿਹਾ ਕਿ ਪ੍ਰੋ. ਭੁੱਲਰ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਫਾਈਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਵਿੱਚ ਇੱਕ ਸਾਲ ਤੋਂ ਪਈ ਹੈ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਦਿੱਲੀ ਸਜ਼ਾ ਸਮੀਖਿਆ ਬੋਰਡ ਦੀ ਰਸਮੀ ਮਨਜ਼ੂਰੀ ਦੀ ਲੋੜ ਹੈ ਪਰ ਉਸਦੀ ਮੀਟਿੰਗ ਵਾਰ ਵਾਰ ਮੁਲਤਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਇਹ ਦੱਸਣ ਕਿ ਉਹ ਇਸ ਮਾਮਲੇ ’ਤੇ ਸਿੱਖ ਵਿਰੋਧੀ ਸਟੈਂਡ ਲੈ ਕੇ ਕੌਮ ਦੀਆਂ ਭਾਵਨਾਵਾਂ ਦੇ ਖਿਲਾਫ ਕਿਉਂ ਜਾ ਰਹੇ ਹਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਿਚ ਮਹਿਲਾਵਾਂ ਦਾ ਵੱਡਾ ਰੋਲ ਹੈ। ਉਹਨਾਂ ਕਿਹਾ ਹੁਣ ਮਹਿਲਾਵਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ ਕਿਹਾ ਕਿ ਉਹ ਕਾਂਗਰਸ ਤੇ ਆਪ ਦੋਵਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਈਆਂ ਹਨ।