ਤਬੀਅਤ ਵਿਗੜਨ ‘ਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕੀਤੇ ਗਏ ਸਿੱਖ ਕੈਦੀ ਗੁਰਦੀਪ ਸਿੰਘ ਖੇੜਾ ਨੂੰ ਮਿਲਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ। ਸੁਖਬੀਰ ਬਾਦਲ ਨੇ ਇਸ ਦੌਰਾਨ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਬੰਦੀ ਸਿੱਖਾਂ ਨੂੰ ਹੁਣ ਰਿਹਾਅ ਕਰ ਦੇਣਾ ਚਾਹੀਦਾ ਹੈ। ਖੇੜਾ ਦੀ ਉਮਰ 80 ਸਾਲ ਦੇ ਕਰੀਬ ਹੈ ਅਤੇ ਪਰਿਵਾਰ ਵਿਚ ਉਹ ਅਤੇ ਉਸ ਦੀ ਪਤਨੀ ਇਕੱਲੇ ਹਨ। ਉਹਨਾਂ ਸਵਾਲ ਕੀਤਾ ਕਿ ਅਜਿਹਾ ਵਿਅਕਤੀ ਇਸ ਉਮਰ ਵਿੱਚ ਕੀ ਨੁਕਸਾਨ ਪਹੁੰਚਾ ਸਕਦਾ ਹੈ।
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਬੰਦੀ ਸਿੱਖਾਂ ਦੀ ਰਿਹਾਈ ਲਈ 25 ਲੱਖ ਲੋਕਾਂ ਦੇ ਫਾਰਮ ਭਰੇ ਗਏ ਹਨ। ਜਿਸ ਵਿੱਚ ਇਨ੍ਹਾਂ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਉਹ ਕੇਂਦਰ ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਕਰਨਗੇ। ਇੰਨਾ ਹੀ ਨਹੀਂ, ਉਹਨਾ ਕਿਹਾ ਕਿ ਮੈਂ ਭਾਰਤ ਦੀ ਨਿਆਂ ਪ੍ਰਣਾਲੀ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਸ ਮਾਮਲੇ ਵਿੱਚ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਲਈ ਸੁਓ-ਮੋਟੋ ਫੈਸਲਾ ਲੈਣ।
ਇਸ ਦੇ ਨਾਲ ਹੀ ਉਨ੍ਹਾਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਵਜੋਂ ਗੈਰ-ਸਿੱਖਾਂ ਦੀ ਨਿਯੁਕਤੀ ਦਾ ਵੀ ਵਿਰੋਧ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਣ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਗੈਰ-ਸਿੱਖ ਨੂੰ ਸਿੱਖਾਂ ਦੇ ਤਖ਼ਤ ਸ੍ਰੀ ਨਾਂਦੇੜ ਸਾਹਿਬ ਦਾ ਮੈਂਬਰ ਬਣਾਇਆ ਗਿਆ ਹੈ। ਇਸ ਨਾਲ ਸਿੱਖਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚੀ ਹੈ। ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਨ।