ਅੰਮ੍ਰਿਤਸਰ : ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਜਿੱਥੇ ਉਨ੍ਹਾਂ ਦੱਸਿਆ ਕਿ ਅਸੀ ‘ਹਰ ਕੀ ਪੌੜੀ’ ਵਿਖੇ ਅਖੰਡ ਪਾਠ ਲਈ ਸੁਖਿਆ ਸੀ। ਅੱਜ ਇੱਥੇ ਪਾਠ ਆਰੰਭ ਕਰਾਏ ਗਏ ਹਨ ਅਤੇ ਸਾਰਾ ਬਾਦਲ ਪਰਿਵਾਰ 2 ਦਿਨ ਇੱਥੇ ਰਹਿ ਕੇ ਸੇਵਾ ਕਰੇਗਾ। ਇਸ ਦੌਰਾਨ ਬੀਤੇ ਦਿਨ ਐਸ.ਵਾਈ.ਐਲ. ਮੁੱਦੇ ‘ਤੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਹੋਈ ਮੀਟਿੰਗ ‘ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ SYL ਕੋਈ ਮੁੱਦਾ ਨਹੀਂ, SYL ’ਤੇ ਵਾਰ-ਵਾਰ ਮੀਟਿੰਗ ਕਰਨਾ ਠੀਕ ਨਹੀਂ ਹੈ। ਨਾਲ ਹੀ ਉਹਨਾਂ ਕਿਹਾ ਕਿ ਨਾ ਤਾਂ ਪੰਜਾਬ ਕੋਲ ਜ਼ਮੀਨ ਹੈ ਨਾ ਹੀ ਹਰਿਆਣਾ ਨੂੰ ਦੇਣ ਲਈ ਪਾਣੀ ਹੈ, ਫਿਰ ਮੀਟਿੰਗ ਕਰਨ ਦਾ ਕੀ ਫ਼ਾਇਦਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਘਰ ਦੀਆਂ ਗੋਲਕਾਂ ਨੂੰ ਲੈ ਕੇ ਦਿੱਤੇ ਬਿਆਨ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਨਾਸਤਿਕ ਬੰਦਾ ਹੈ ਜਿਹੜਾ ਬੰਦਾ ਸ਼ਰਾਬ ਪੀਕੇ ਗੁਰੂ ਘਰ ਜਾ ਸਕਦਾ ਹੈ ਉਸਨੂੰ ਗੁਰੂ ਘਰ ਦੀ ਮਰਿਆਦਾ ਦਾ ਕੁਝ ਨਹੀਂ ਪਤਾ ਹੋ ਸਕਦਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਭਗਵੰਤ ਮਾਨ ਨੂੰ ਗੁਰੂ ਘਰ ਦੀ ਮਰਿਆਦਾ ਦਾ ਨਹੀਂ ਪਤਾ।
ਇਸਦੇ ਨਾਲ ਹੀ ਦਸ ਦਈਏ ਕਿ ਪ੍ਰਧਾਨ ਸੁਖਬੀਰ ਬਾਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਉੱਪਰ ਸਖਤ ਸਟੈਂਡ ਲੈਂਦਿਆ ਕੇਂਦਰ ਦੀ ਅਗਵਾਈ ਹੇਠ ਹੋਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਮੀਟਿੰਗ ਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਯਮੁਨਾ ਨੂੰ ਸਤਲੁਜ ਨਾਲ ਜੋੜਨ ਦੀ ਸਾਜ਼ਿਸ਼ ਨੂੰ ਸਫ਼ਲ ਕਰਨ ਦੇ ਸਾਧਨ ਬਣ ਗਏ ਹਨ। ਸੁਖਬੀਰ ਬਾਦਲ ਬਾਦਲ ਨੇ ਫੇਸਬੁੱਕ ਪੋਸਟ ਪਾਉਂਦਿਆ ਕਿਹਾ ਕਿ ਯਮੁਨਾ ਨੂੰ ਸਤਲੁਜ ਨਾਲ ਜੋੜਨ ਦਾ ਵਿਚਾਰ ਦਰਿਆਈ ਪਾਣੀਆਂ ‘ਤੇ ਪੰਜਾਬ ਦੇ ਸੰਵਿਧਾਨਕ ਆਧਾਰ ਨੂੰ ਤਬਾਹ ਕਰਨ ਦੀ ਸਦੀਆਂ ਪੁਰਾਣੀ ਚਾਲ ਹੈ ਤੇ ਇਸ ਸਾਜ਼ਿਸ਼ ਨੂੰ ਅਕਾਲੀ ਦਲ ਦੇ ਸਖ਼ਤ ਵਿਰੋਧ ਨੇ ਹਮੇਸ਼ਾ ਹੀ ਨਾਕਾਮ ਕੀਤਾ ਹੈ। ਪਰ ਹੁਣ ਭਗਵੰਤ ਮਾਨ ਇਸ ਸਾਜ਼ਿਸ਼ ਨੂੰ ਸਫ਼ਲ ਕਰਨ ਦਾ ਸਾਧਨ ਬਣ ਗਿਆ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਦਰਿਆਵਾਂ ਨੂੰ ਜੋੜਨ ਦਾ ਉਦੇਸ਼ ਸਿਰਫ਼ ਤੇ ਸਿਰਫ਼ ਸਤਲੁਜ ਦਾ ਪਾਣੀ ਹਰਿਆਣਾ ਨੂੰ ਲਿਜਾਣ ਦਾ ਬਹਾਨਾ ਹੈ। ਜੇਕਰ ਹਰਿਆਣਾ ਨੇ ਸਾਂਝੇ ਪਾਣੀ ਤੋਂ ਸਿਰਫ਼ ਯਮੁਨਾ ਦਾ ਪਾਣੀ ਹੀ ਲੈਣਾ ਹੈ ਤਾਂ ਕਿਉਂ ਨਾ ਹਰਿਆਣਾ ਨੂੰ ਇਸ ਦੀ ਵਰਤੋਂ ਜਾਰੀ ਰੱਖਣ ਲਈ ਕਿਹਾ ਜਾਵੇ, ਜਿਵੇਂ ਉਹ ਹੁਣ ਵੀ ਕਰ ਰਿਹਾ ਹੈ? ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਤਲੁਜ ਯਮੁਨਾ ਲੰਿਕ ਦੇ ਇਸ ਵਿਚਾਰ ਵਿਰੁੱਧ ਵੱਡੇ ਅੰਦੋਲਨ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਅਕਾਲੀ ਦਲ ਇਸ ਸਾਜ਼ਿਸ਼ ਦਾ ਡਟ ਕੇ ਵਿਰੋਧ ਕਰੇਗਾ। ਅਸੀਂ ਰਿਪੇਰੀਅਨ ਸਿਧਾਂਤ ਦੇ ਉਲਟ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ।