WFI ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਲਗਾਕੇ ਬੈਠੇ ਪਹਿਲਾਵਾਨਾਂ ਦਾ ਪ੍ਰਦਰਸ਼ਨ ਅੱਜ 18ਵੇਂ ਦਿਨ ਪ੍ਰਵੇਸ਼ ਕਰ ਗਿਆ ਹੈ। ਇਸ ਦੌਰਾਨ ਬ੍ਰਿਜ ਭੂਸ਼ਣ ਖਿਲਾਫ਼ ਕੋਈ ਕਾਰਵਾਈ ਨਾ ਹੁੰਦੇ ਵੇਖ ਨਿਰਾਸ਼ ਆਏ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀਰਵਾਰ ਨੂੰ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਨੂੰ ਕਾਲਾ ਦਿਨ ਕਿਹਾ ਕਿਉਂਕਿ ਉਨ੍ਹਾਂ ਦਾ ਅੰਦੋਲਨ 18ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਭਲਵਾਨਾਂ ਨੇ ਆਪਣੀਆਂ ਬਾਹਾਂ ਅਤੇ ਮੱਥੇ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਹੋਰ ਪਹਿਲਵਾਨਾਂ ਨੇ ਜੰਤਰ-ਮੰਤਰ ਵਿਖੇ ਕਾਲੀ ਪੱਟੀ ਬੰਨ੍ਹ ਕੇ 11 ਮਈ ਨੂੰ ‘ਕਾਲਾ ਦਿਵਸ’ ਮਨਾਇਆ। ਧਰਨੇ ਵਾਲੀ ਥਾਂ ‘ਤੇ ਮੌਜੂਦ ਹੋਰ ਸਮਰਥਕਾਂ ਨੇ ਵੀ ਆਪਣੀਆਂ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।
![](https://thepunjabtalks.com/wp-content/uploads/2023/05/WhatsApp-Image-2023-05-11-at-4.49.45-PM-1.jpeg)
ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਨਾਮੀ ਪਹਿਲਵਾਨ ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾ ਚੁੱਕੇ ਹਨ। ਪਹਿਲਵਾਨਾਂ ਨੇ ਜਨਵਰੀ 2022 ਵਿੱਚ ਸਰਕਾਰ ਵੱਲੋਂ ਇੱਕ ਜਾਂਚ ਕਮੇਟੀ ਦੇ ਗਠਨ ਤੋਂ ਬਾਅਦ ਆਪਣਾ ਧਰਨਾ ਸਮਾਪਤ ਕਰ ਦਿੱਤਾ ਸੀ, ਪਰ ਜਾਂਚ ਕਮੇਟੀ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਉਹ ਅਪ੍ਰੈਲ ਵਿੱਚ ਮੁੜ ਵਿਰੋਧ ਪ੍ਰਦਰਸ਼ਨ ਲਈ ਅੱਗੇ ਆਏ ਅਤੇ ਹੁਣ ਦਿੱਲੀ ਪੁਲਸ ਤੋਂ ‘ਨਿਰਪੱਖ’ ਜਾਂਚ ਦੀ ਮੰਗ ਕਰ ਰਹੇ ਹਨ।
ਦਿੱਲੀ ਪੁਲਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ 2 ਐੱਫ.ਆਈ.ਆਰ. ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਦੀ ਧਾਰਾ 10 ਨਾਲ ਸਬੰਧਤ ਹੈ। ਦਿੱਲੀ ਪੁਲਸ ਨੇ ਇਸ ਹਫ਼ਤੇ ਇੱਕ ਨਾਬਾਲਗ ਸਮੇਤ 7 ਮਹਿਲਾ ਪਹਿਲਵਾਨਾਂ ਦੇ ਬਿਆਨ ਦਰਜ ਕੀਤੇ ਹਨ। ਨਾਬਾਲਗ ਪਹਿਲਵਾਨ ਨੇ ਬੁੱਧਵਾਰ ਨੂੰ Code of Criminal Procedure ਦੀ ਧਾਰਾ 164 ਦੇ ਤਹਿਤ ਇਕ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।