‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਖਿਲਾਫ ਜਾਅਲੀ ਦਸਤਖਤਾਂ ਦੀ ਸ਼ਿਕਾਇਤ ਸਿਰਫ ਅਫਵਾਹ ਹੈ। ਭਾਜਪਾ ਦਾ ਦੋਸ਼ ਹੈ ਕਿ ਰਾਘਵ ਚੱਢਾ ਨੇ ਦਿੱਲੀ ਸੇਵਾ (ਸੋਧ) ਬਿੱਲ ਨੂੰ ਸਿਲੈਕਟ ਕਮੇਟੀ ਨੂੰ ਭੇਜਣ ਲਈ ਰਾਜ ਸਭਾ ਦੇ ਪ੍ਰਸਤਾਵ ਵਿੱਚ ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ। ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਨੂੰ ਜਾਂਚ ਲਈ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ। ਰਾਘਵ ਚੱਢਾ ਨੇ ਪਾਰਟੀ ਨੇਤਾ ਸੰਜੇ ਸਿੰਘ ਨਾਲ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਝੂਠ ਬੋਲ ਰਹੀ ਹੈ। ਮੈਨੂੰ ਸੱਚ ਦੱਸਣ ਲਈ ਅੱਗੇ ਆਉਣਾ ਪਿਆ। ਰਾਘਵ ਚੱਢਾ ਨੇ ਮੀਡੀਆ ਨੂੰ ਇੱਕ ਦਸਤਾਵੇਜ਼ ਦਿਖਾਇਆ।
ਚੱਢਾ ਨੇ ਕਿਹਾ- ਇਹ ਰਾਜ ਸਭਾ ਸਕੱਤਰੇਤ ਦਾ ਬੁਲੇਟਿਨ ਹੈ। ਇਸ ਵਿੱਚ ਕਿਤੇ ਵੀ ਦਸਤਖ਼ਤ, ਜਾਅਲਸਾਜ਼ੀ, ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ। ਸਿਰਫ ਇੰਨਾ ਹੀ ਕਿਹਾ ਗਿਆ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਭਾਜਪਾ ਕੋਲ ਅਜਿਹਾ ਕੋਈ ਜਾਅਲੀ ਦਸਤਖਤ ਵਾਲਾ ਕਾਗਜ਼ ਹੈ ਤਾਂ ਦਿਖਾਓ। ਦਸ ਦਈਏ ਕਿ ਦਿੱਲੀ ਸੇਵਾਵਾਂ (ਸੋਧ) ਬਿੱਲ 7 ਅਗਸਤ ਨੂੰ ਰਾਤ 10 ਵਜੇ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ‘ਆਪ’ ਸੰਸਦ ਚੱਢਾ ਨੇ ਦਿੱਲੀ ਸੇਵਾ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਸੀ।
ਇਸ ‘ਤੇ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ- ਚੱਢਾ ਨੇ ਮਤੇ ‘ਤੇ 5 ਸੰਸਦ ਮੈਂਬਰਾਂ ਦੇ ਜਾਅਲੀ ਦਸਤਖਤ ਕੀਤੇ ਹਨ। ਦੋ ਮੈਂਬਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਦਸਤਖ਼ਤ ਨਹੀਂ ਕੀਤੇ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਡਿਪਟੀ ਸਪੀਕਰ ਹਰੀਵੰਸ਼ ਨੇ ਕਿਹਾ ਕਿ ਮੇਰੇ ਕੋਲ 4 ਮੈਂਬਰ ਪਹਿਲਾਂ ਹੀ ਸ਼ਿਕਾਇਤ ਕਰ ਚੁੱਕੇ ਹਨ। ਰਾਘਵ ਚੱਢਾ ਨੇ 7 ਅਗਸਤ ਨੂੰ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ ‘ਤੇ ਦਸਤਖਤ ਕਰਨ ਦੀ ਲੋੜ ਨਹੀਂ ਹੈ ਅਤੇ ਇਹ ਨਿਯਮ ਹੈ।