ਅਜੈ ਬੰਗਾ ਨੇ World Bank ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਭਾਰਤੀ ਮੂਲ ਦੇ ਵਿਅਕਤੀ ਤੋਂ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਪ੍ਰਭਾਵਸ਼ਾਲੀ ਅਹੁਦੇ ਤੱਕ ਬੰਗਾ ਦੀ ਯਾਤਰਾ ਨੂੰ ਅੰਤਰਰਾਸ਼ਟਰੀ ਫੋਰਮਾਂ ਵਿੱਚ ਭਾਰਤ ਦੀ ਵੱਧਦੀ ਮੌਜੂਦਗੀ ਦੇ ਤੌਰ ‘ਤੇ ਇੱਕ ਮਹੱਤਵਪੂਰਨ ਪਲ ਵਜੋਂ ਦੇਖਿਆ ਜਾ ਸਕਦਾ ਹੈ। ਦਸ ਦਈਏ ਕਿ ਭਾਰਤੀ-ਅਮਰੀਕੀ ਅਜੈ ਬੰਗਾ World Bank ਦੇ 14ਵੇਂ ਪ੍ਰਧਾਨ ਬਣ ਗਏ ਹਨ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ। ਇਸ ਦੇ ਨਾਲ ਹੀ ਉਹ ਦੋ ਗਲੋਬਲ ਵਿੱਤੀ ਸੰਸਥਾਵਾਂ- ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁਖੀ ਬਣਨ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ।
ਰਾਸ਼ਟਰਪਤੀ ਜੋਅ ਬਾਈਡੇਨ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਲਈ ਅਮਰੀਕਾ ਬੰਗਾ ਨੂੰ ਨਾਮਜ਼ਦ ਕਰੇਗਾ। ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਬੰਗਾ ਦੀ ਹੈੱਡਕੁਆਰਟਰ ਵਿੱਚ ਦਾਖਲ ਹੁੰਦੇ ਦੀ ਫੋਟੋ ਪੋਸਟ ਕਰਦੇ ਹੋਏ ਟਵੀਟ ਕੀਤਾ, “ਸਾਡੇ ਨਾਲ ਮਿਲ ਕੇ ਵਿਸ਼ਵ ਬੈਂਕ ਸਮੂਹ ਦੇ ਨਵੇਂ ਪ੍ਰਧਾਨ ਵਜੋਂ ਅਜੇ ਬੰਗਾ ਦਾ ਸਵਾਗਤ ਕਰੋ। ਅਸੀਂ ਗਰੀਬੀ ਤੋਂ ਮੁਕਤ ਸੰਸਾਰ ਬਣਾਉਣ ਲਈ ਵਚਨਬੱਧ ਹਾਂ।” IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨੇ ਟਵੀਟ ਕੀਤਾ, “ਮੈਂ ਅਜੇ ਬੰਗਾ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਕਿਉਂਕਿ ਉਹ ਅੱਜ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਆਪਣੀ ਨਵੀਂ ਭੂਮਿਕਾ ਸੰਭਾਲ ਰਹੇ ਹਨ। ਮੈਂ ਚੰਗਾ ਕੰਮ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਸਾਡੀਆਂ ਸੰਸਥਾਵਾਂ ਵਿਚਕਾਰ ਡੂੰਘੀ ਭਾਈਵਾਲੀ ਨੂੰ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ। ”
ਬੰਗਾ ਵਿਸ਼ਵ ਬੈਂਕ ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਉਹ ਡੇਵਿਡ ਮਾਲਪਾਸ ਦੀ ਥਾਂ ‘ਤੇ ਆਏ ਹਨ, ਜਿਨ੍ਹਾਂ ਨੇ ਫਰਵਰੀ ਵਿੱਚ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ। ਬੰਗਾ ਇਸ ਤੋਂ ਪਹਿਲਾਂ ਜਨਰਲ ਐਟਲਾਂਟਿਕ ਦੇ ਵਾਈਸ ਚੇਅਰਮੈਨ ਸਨ। ਇਸ ਤੋਂ ਪਹਿਲਾਂ, ਉਹ ਗਲੋਬਲ ਸਮੂਹ ਮਾਸਟਰਕਾਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਨ। ਮਾਸਟਰਕਾਰਡ ਵਿੱਚ ਲਗਭਗ 24,000 ਕਰਮਚਾਰੀ ਕੰਮ ਕਰਦੇ ਹਨ।