1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਰਾਜਸਥਾਨ ਦੀ ਲੌਂਗੇਵਾਲਾ ਚੌਕੀ ’ਤੇ ਬੇਮਿਸਾਲ ਸਾਹਸ ਅਤੇ ਵੀਰਤਾ ਦਿਖਾਉਣ ਵਾਲੇ ਬੀ.ਐੱਸ.ਐੱਫ. ਦੇ ਸਾਬਕਾ ਜਵਾਨ (ਫੌਜੀ) ਭੈਰੋਂ ਸਿੰਘ ਰਾਠੌਰ ਦਾ ਜੋਧਪੁਰ ਵਿਖੇ ਦਿਹਾਂਤ ਹੋ ਗਿਆ। ਭਾਰਤ-ਪਾਕਿਸਤਾਨ ਦੀ ਇਸ ਜੰਗ ’ਤੇ ਬਣੀ ਬਾਲੀਵੁੱਡ ਦੀ ਲੋਕਪ੍ਰਿਯ ਫਿਲਮ ‘ਬਾਰਡਰ’ ਵਿਚ ਅਭਿਨੇਤਾ ਸੁਨੀਲ ਸ਼ੈੱਟੀ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਯੁੱਧ ਦੇ ਹੀਰੋ ਭੈਰੋਂ ਸਿੰਘ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ਰਧਾਂਜਲੀ ਦਿੱਤੀ ਹੈ। 81 ਸਾਲਾ ਰਾਠੌੜ ਨੇ ਜੋਧਪੁਰ ਦੇ ਏਮਜ਼ ਹਸਪਤਾਲ ’ਚ ਆਖਰੀ ਸਾਹ ਲਏ। ਵਧਦੀ ਉਮਰ ਦੇ ਨਾਲ ਹੀ ਕਈ ਦਿੱਕਤਾਂ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨੀਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਟਵੀਟ ਕੀਤਾ ਕਿ ਜਾਂਬਾਜ਼ ਭੈਰੋਂ ਸਿੰਘ ਰਾਠੌਰ ਨੇ ਸੋਮਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਜੋਧਪੁਰ ਵਿਚ ਆਖਰੀ ਸਾਹ ਲਿਆ। 1971 ਦੀ ਭਾਰਤ-ਪਾਕਿ ਜੰਗ ’ਚ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੇ ਭੈਰੋਂ ਸਿੰਘ ਨੂੰ ਸਾਲ 1972 ’ਚ ਸੈਨਾ ਮੈਡਲ ਮਿਲਿਆ ਸੀ। ਉਹ 1987 ’ਚ ਬੀ. ਐੱਸ. ਐੱਫ. ਤੋਂ ਸੇਵਾ-ਮੁਕਤ ਹੋਏ ਸਨ। 16 ਦਸੰਬਰ ਨੂੰ ਭਾਰਤ-ਪਾਕਿ ਜੰਗ ਦੇ 51 ਸਾਲ ਪੂਰੇ ਹੋ ਗਏ ਸਨ, ਤਾਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭੈਰੋਂ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ’ਚ ਜੈਸਲਮੇਰ ’ਚ ਰਾਠੌਰ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਉਹ ਬੀ. ਐੱਸ. ਐੱਫ. ਦੇ ਸਥਾਪਨਾ ਦਿਵਸ ਦੇ ਸਮਾਗਮ ਲਈ ਸਰਹੱਦੀ ਸ਼ਹਿਰ ਗਏ ਸਨ।
1971 ਦੀ ਜੰਗ ’ਚ ਲੋਂਗੇਵਾਲਾ ਪੋਸਟ ’ਤੇ ਦਿਖਾਈ ਗਈ ਦਲੇਰੀ ਲਈ ਭੈਰੋਂ ਸਿੰਘ ਨੂੰ 1972 ’ਚ ਸੇਨਾ ਮੈਡਲ ਨਾਲ ਸਨਮਾਨਿਤ ਕੀਤੇ ਗਏ ਸੀ। ਬੀ. ਐੱਸ. ਐੱਫ. ਦੇ ਅਧਿਕਾਰਕ ਹੈਂਡਲ ਤੋਂ ਸੋਮਵਾਰ ਨੂੰ ਟਵੀਟ ਕਰਕੇ ਦੱਸਿਆ ਗਿਆ, ‘‘ਡੀ. ਜੀ. ਬੀ. ਐੱਸ. ਐੱਫ. ਤੇ ਹੋਰ ਸਾਰੇ ਰੈਂਕਾਂ ਨੇ 1971 ਦੀ ਲੋਂਗੇਵਾਲਾ ਜੰਗ ਦੇ ਸੇਨਾ ਮੈਡਲ ਨਾਲ ਸਨਮਾਨਿਤ ਹੀਰੋ ਭੈਰੋਂ ਸਿੰਘ ਦੇ ਦਿਹਾਂਤ ’ਤੇ ਸ਼ੋਕ ਸਾਂਝਾ ਕੀਤਾ।’’ ਸੁਨੀਲ ਸ਼ੈੱਟੀ ਨੇ ਇਸ ਪੋਸਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘‘ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੋਂ ਹਮਦਰਦੀ।’’ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਵਰਗੀ ਜਵਾਨ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ।
ਦਸ ਦਈਏ ਕਿ ਭੈਰੋਂ ਸਿੰਘ ਨੂੰ ਥਾਰ ਰੇਗਿਸਤਾਨ ’ਚ ਲੌਂਗੇਵਾਲਾ ਚੌਕੀ ’ਚ ਤਾਇਨਾਤ ਸੀ, ਜੋ ਬੀ. ਐੱਸ. ਐੱਫ. ਦੀ ਇਕ ਛੋਟੀ ਜਿਹੀ ਟੁਕੜੀ ਦੀ ਕਮਾਂਡ ਸੰਭਾਲ ਰਹੇ ਸੀ। ਇਸ ਦੇ ਨਾਲ ਫੌਜ ਦੀ 23 ਪੰਜਾਬ ਰੈਜੀਮੈਂਟ ਦੀ ਇਕ ਕੰਪਨੀ ਸੀ, ਜਿਸ ਦੀ ਅਗਵਾਈ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਕਰ ਰਹੇ ਸਨ। ਇਨ੍ਹਾਂ ਟੁਕੜੀਆਂ ਨੇ 5 ਦਸੰਬਰ 1971 ਨੂੰ ਇਸੇ ਸਥਾਨ ’ਤੇ ਪਾਕਿਸਤਾਨੀ ਬ੍ਰਿਗੇਡ ਅਤੇ ਟੈਂਕ ਰੈਜੀਮੈਂਟ ਨੂੰ ਤਬਾਹ ਕਰ ਦਿੱਤਾ ਸੀ। 1971 ਦੀ ਜੰਗ ’ਚ ਜਦੋਂ ਪੰਜਾਬ ਰੈਜੀਮੈਂਟ ਦੇ 23 ਜਵਾਨਾਂ ’ਚੋਂ ਇਕ ਜਵਾਨ ਸ਼ਹੀਦ ਹੋ ਗਿਆ ਤਾਂ ਲਾਂਸ ਨਾਇਕ ਭੈਰੋਂ ਸਿੰਘ ਨੇ ਆਪਣੀ ਲਾਈਟ ਮਸ਼ੀਨ ਗੰਨ ਚੁੱਕੀ। ਇਸ ਤੋਂ ਬਾਅਦ ਅੱਗੇ ਵਧ ਰਹੇ ਦੁਸ਼ਮਣ ’ਤੇ ਹਮਲਾ ਕਰ ਕੇ ਉਸ ਦੀ ਕਮਰ ਤੋੜ ਦਿੱਤੀ। ਭੈਰੋਂ ਸਿੰਘ ਨੇ 7 ਘੰਟੇ ਤੱਕ ਲਗਾਤਾਰ ਫਾਇਰਿੰਗ ਕੀਤੀ ਅਤੇ ਪਾਕਿਸਤਾਨੀ ਫੌਜ ਦੇ 25 ਤੋਂ ਵੱਧ ਫੌਜੀਆਂ ਨੂੰ ਇਕੱਲਿਆਂ ਹੀ ਮੌਤ ਦੀ ਨੀਂਦ ਸੁਆ ਦਿੱਤਾ।