ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਆਗੂਆਂ ਨੂੰ ਨਿਸ਼ਾਨੇ ਸਾਧਦੇ ਦਾਅਵਾ ਕੀਤਾ ਹੈ ਕਿ ਹੁਣ ਪਾਰਟੀ ਦੀ ਮਜ਼ਬੂਤੀ ਲਈ ਹੇਠਲੇ ਪੱਧਰ ਦੇ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਬਠਿੰਡਾ ਪਹੁੰਚੇ ਰਾਜਾ ਵੜਿੰਗ ਦੇ ਸਮਾਗਮ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੈਰ-ਹਾਜ਼ਰੀ ਨੇ ਸਿਆਸੀ ਹਲਚਲ ਸ਼ੁਰੂ ਕਰ ਦਿੱਤੀ ਹੈ ਕਿ ਪਾਰਟੀ ’ਚ ਹਾਲੇ ਤੱਕ ਅੰਦੂਰਨੀ ਕਲੇਸ਼ ਹੱਲ ਨਹੀਂ ਹੋਇਆ ਹੈ। ਮਨਪ੍ਰੀਤ ਬਾਦਲ ਦੇ ਸਿਆਸੀ ਧੜੇ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ। ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਬੀਜੇਪੀ ਆਗੂ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਨਿਸ਼ਾਨੇ ਸਾਧੇ ਹਨ।
ਬਠਿੰਡਾ ਵਿੱਚ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦਾ ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੂੰ ਬਿਨਾਂ ਨਾਂਅ ਲਏ ਹੀ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤੀ ਨੂੰ ਸੱਟ ਇਸ ਕਾਰਨ ਪੁੱਜੀ ਕਿਉਂਕਿ ਪਾਰਟੀ ਦੀ ਵਾਗਡੌਰ ਕੁੱਝ ਕਮਰਸ਼ੀਅਲ ਲੋਕਾਂ ਦੇ ਹੱਥ ਚਲੀ ਗਈ ਸੀ ਪਰੰਤੂ ਹੁਣ ਪਾਰਟੀ ਨੂੰ ਠੇਕੇ ‘ਤੇ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਾਂਗਰਸ ਦੀਆਂ ਗਲਤੀਆਂ ਗਿਣਾਉਂਦਿਆਂ ਕਿਹਾ ਕਿ ਪਹਿਲੀ ਗਲਤੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਕਮਰਸ਼ੀਅਲ ਲੋਕਾਂ ਦੇ ਹੱਥ ਵਾਗਡੌਰ ਦੇਣੀ ਸੀ। ਜਦਕਿ ਦੂਜੀ ਗਲਤੀ ਇਹ ਕੀਤੀ ਕਿ ਉਨ੍ਹਾਂ ਨੇ ਪਾਰਟੀ ਨੂੰ ਵਿਧਾਇਕਾਂ ਕੋਲ ਠੇਕੇ ’ਤੇ ਦੇ ਦਿੱਤਾ। ਫਿਰ ਅਜਿਹੇ ਵਿਧਾਇਕਾਂ ਨੇ ਕਿਹਾ ਕਿ ਉਹ ਦਸਣਗੇ ਕਿ ਨਗਰ ਨਿਗਮ ਦਾ ਮੇਅਰ ਕੌਣ ਹੋਵੇਗਾ ਅਤੇ ਚੇਅਰਮੈਨ ਕੌਣ ਹੋਣਗੇ।
ਉਨ੍ਹਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਬਠਿੰਡਾ ਨਗਰ ਨਿਗਮ ਦਾ ਮੇਅਰ ਕੱਟੜ ਕਾਂਰਗਸੀ ਲਾਇਆ ਹੁੰਦਾ ਤਾਂ ਕਾਂਗਰਸ ਨੂੰ ਅਜਿਹੇ ਮਾੜੇ ਦਿਨ ਨਾਂ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਅਜਿਹੇ ਲੋਕਾਂ ਨੂੰ ਅਹੁਦੇ ਦਿੱਤੇ ਗਏ, ਜਿਨ੍ਹਾਂ ਦੀ ਕੋਈ ਹੋਂਦ ਨਹੀਂ ਸੀ ਅਤੇ ਉਨ੍ਹਾਂ ਕਾਂਗਰਸ ਪਾਰਟੀ ਲਈ ਅਜੇ ਤਕ ਕੁਝ ਨਹੀਂ ਕੀਤਾ ਸੀ। ਉਨ੍ਹਾਂ ਬਿਨਾਂ ਨਾ ਲਏ ਕਿਹਾ ਕਿ ਕੁਝ ਲੋਕਾਂ ਨੂੰ ਵਹਿਮ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਕਰਕੇ ਚਲਦੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਹਰਾ ਦੇਣਾ ਸੀ ਪਰ ਕੁਝ ਆਪਣਿਆਂ ਦੀ ਮਿਹਰਬਾਨੀ ਸਦਕਾ ਉਹ ਹਾਰ ਗਏ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲਾਂ ਨਾਲ ਉਸਨੇ ਕਦੇ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਅਨੁਸ਼ਾਸ਼ਨ ਅਤੇ ਵਰਕਰਾਂ ਦੀ ਅਣਦੇਖੀ ਕਾਰਨ ਕਾਂਗਰਸ ਵਿਧਾਨ ਸਭਾ ਚੋਣਾਂ ਹਾਰੀ ਹੈ। ਕਾਂਗਰਸ ਦੇ ਤਾਜ਼ਪੋਸ਼ੀ ਸਮਾਗਮ ਵਿਚ ਇਹ ਗੱਲ ਵਿਸ਼ੇਸ਼ ਰਹੀ ਕਿ ਕਿਸੇ ਵੀ ਆਗੂ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਟੇਜ ਤੋਂ ਨਾਮ ਤਕ ਨਹੀਂ ਲਿਆ।