ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਬਾਦਲ ਵਿਖੇ ਅੱਜ ਅੰਤਿਮ ਅਰਦਾਸ ਸਮਾਗਮ ਰੱਖਿਆ ਗਿਆ। ਜਿਸ ਵਿਚ ਵੱਡੀਆਂ ਹਸਤੀਆਂ ਨੇ ਸ਼ਿਰਕਤ ਕਰਕੇ ਸ. ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੁੱਤਰ ਸੁਖਬੀਰ ਸਿੰਘ ਬਾਦਲ ਭਰੇ ਪੰਡਾਲ ਵਿਚ ਭਾਵੁਕ ਹੁੰਦੇ ਵਿਖਾਈ ਦਿੱਤੇ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕ ਸੱਚੇ ਦੇਸ਼ਭਗਤ ਸਨ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹਨ ਕਿ ਮੈਂ ਸੰਗਤ ਦਾ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਸਮੁੱਚੀ ਪਾਰਟੀ ਅਤੇ ਸੰਗਤ ਨੇ ਮੇਰੇ ਪਿਤਾ ਨੂੰ ਦਿੱਤਾ ਹੈ, ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਬਾਰੇ ਕਈ ਕਹਾਣੀਆਂ ਸੁਣੀਆਂ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿਚ ਹਰ ਘਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਨਾਲ ਕੋਈ ਨਾ ਕੋਈ ਸੰਬੰਧ ਰਿਹਾ ਹੋਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਦੁੱਖ਼ ਵੰਡਾਉਣ ਲਈ ਸਾਡੇ ਕੋਲ ਆ ਰਹੀ ਹੈ। ਬਾਦਲ ਸਾਬ੍ਹ ਨੇ ਹਮੇਸ਼ਾ ਭਾਈਚਾਰੇ ਨਾਲ ਰਹਿਣਾ ਸਿਖਾਇਆ ਹੈ, ਉਹ ਹਰ ਧਰਮ ਦਾ ਸਤਿਕਾਰ ਕਰਦੇ ਸਨ। ਸਾਰੇ ਧਰਮ ਦੇ ਲੋਕਾਂ ਨੂੰ ਬਾਦਲ ਸਾਬ੍ਹ ਆਪਣਾ ਸਮਝਦੇ ਸਨ। ਮਹਾਪੁਰਖਾਂ ਦਾ ਹੱਥ ਹਮੇਸ਼ਾ ਹੀ ਮੇਰੇ ਪਿਤਾ ‘ਤੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਾਦਲ ਸਾਬ੍ਹ ਨੇ ਹਮੇਸ਼ਾ ਮੈਨੂੰ ਇਕੋ ਗੱਲ ਸਿਖਾਈ ਹੈ ਕਿ ਕਿਸੇ ਨਾਲ ਵੀ ਗੁੱਸਾ ਨਹੀਂ ਕਰਨਾ।
ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ ਹਮੇਸ਼ਾ ਕਹਿੰਦੇ ਸਨ ਕਿ ਦੇਸ਼ ਤਾਂ ਹੀ ਤਕੜਾ ਹੋਵੇਗਾ ਜੇ ਪੰਜਾਬ ਤਕੜਾ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ ਨੇ ਆਪਣੀ ਸਾਰੀ ਜ਼ਿੰਦਗੀ ਗ਼ਰੀਬਾਂ ਅਤੇ ਕਿਸਾਨਾਂ ਦੀ ਸੇਵਾ ਵਿਚ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਵਰਗੇ ਬਣਨਾ ਪਰਮਾਤਮਾ ਦੀ ਬਹੁਤ ਜ਼ਿਆਦਾ ਬਖ਼ਸ਼ੀਸ਼ ਦੀ ਲੋੜ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਬਾਦਲ ਸਾਬ੍ਹ ਦੇ ਵਿਖਾਈ ਹੋਏ ਰਸਤੇ ‘ਤੇ ਚੱਲ ਸਕਾਂ। ਮੈਂ ਬਾਦਲ ਸਾਬ੍ਹ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਭਰੀ ਸੋਗ ਸਭਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ। ਸੁਖਬੀਰ ਬਾਦਲ ਨੇ ਸੰਬੋਧਨ ਵਿਚ ਕਿਹਾ ਕਿ ਮੈਂ ਮੁਆਫ਼ੀ ਮੰਗਦਾ ਹਾਂ ਕਿ ਜੇਕਰ ਕੋਈ ਜਾਣੇ-ਅਣਜਾਣੇ ਵਿਚ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮੁਆਫ਼ ਕਰਨਾ। ਮੈਂ ਸਮੁੱਚੇ ਖ਼ਾਲਸਾ ਪੰਥ ਤੇ ਸਾਰੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਜੇ ਕਦੇ ਜਾਣੇ-ਅਣਜਾਣੇ ਵਿੱਚ ਮੈਥੋਂ, ਸਾਡੇ ਪਰਿਵਾਰ ਜਾਂ ਬਜ਼ੁਰਗਾਂ ਤੋਂ ਕਿਤੇ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ।