ਇਸ ਵੇਲੇ ਦੀ ਵੱਡੀ ਖਬਰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿਚ ਇਕ ਵੱਡੀ ਗੈਂਗਵਾਰ ਹੋਈ ਜਿਸ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮਾਰੇ ਗਏ ਗੈਂਗਸਟਰ, ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸਨ, ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਪੁਲਸ ਸੂਤਰਾਂ ਮੁਤਾਬਕ ਤਿੰਨਾਂ ਗੈਂਗਸਟਰਾਂ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ, ਜਿਸ ਕਾਰਣ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਜਦਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਦੱਸੇ ਜਾ ਰਹੇ ਹਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਸ਼ਾਮਲ ਸਨ। ਇਸ ਦੀ ਜਾਣਕਾਰੀ ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਇਕਬਾਲ ਸਿੰਘ ਬਰਾੜ ਵਲੋਂ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰਾਂ ਦੇ ਇਸ ਧੜੇ ਦੀ ਆਪਸ ਵਿਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਬਾਅਦ ਵਿਚ ਇਹ ਬਹਿਸ ਖੂਨੀ ਝੜਪ ਵਿਚ ਬਦਲ ਗਈ।