ਮਹਾਰਾਸ਼ਟਰ ਦੇ ਬੁਲਢਾਨਾ ‘ਚ ਸਮ੍ਰਿਧੀ ਮਹਾਮਾਰਗ ਐਕਸਪ੍ਰੈਸ ਵੇਅ ‘ਤੇ 33 ਯਾਤਰੀਆਂ ਨਾਲ ਭਰੀ ਬੱਸ ਨੂੰ ਭਿਆਨਕ ਅੱਗ ਗਈ ਜਿਸ ਕਾਰਨ ਹੁਣ ਤੱਕ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਬੁਲਢਾਨਾ ਦੇ ਡਿਪਟੀ ਐੱਸਪੀ ਬਾਬੂਰਾਓ ਮਹਾਮੁਨੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੁਲਢਾਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬੱਸ ਦਾ ਡਰਾਈਵਰ ਸੁਰੱਖਿਅਤ ਹੈ, ਉਸ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਅਜਿਹੇ ‘ਚ ਅੱਗ ਲੱਗਣ ਤੋਂ ਬਾਅਦ ਕਈ ਲੋਕਾਂ ਨੂੰ ਬੱਸ ‘ਚੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਹਾਦਸਾਗ੍ਰਸਤ ਬੱਸ ਵਿਦਰਭ ਟਰੈਵਲਜ਼ ਦੀ ਸੀ। ਬੇਕਾਬੂ ਹੋ ਕੇ ਬੱਸ ਦਰਵਾਜ਼ੇ ਵੱਲ ਹੀ ਪਲਟ ਗਈ, ਜਿਸ ਕਾਰਨ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜੋ ਬਚ ਗਏ ਉਹ ਡਰਾਈਵਰ ਸਾਈਡ ਵਾਲੇ ਕੈਬਿਨ ਵਿੱਚ ਸਨ, ਉਹ ਸ਼ੀਸ਼ਾ ਤੋੜ ਕੇ ਬਾਹਰ ਆ ਗਏ। ਇਨ੍ਹਾਂ ‘ਚੋਂ 8 ਲੋਕ ਜ਼ਖਮੀ ਵੀ ਹੋਏ ਹਨ।
ਦੱਸ ਦੇਈਏ ਕਿ ਬੱਸ ਨਾਗਪੁਰ ਤੋਂ ਪੁਣੇ ਵੱਲ ਜਾ ਰਹੀ ਸੀ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਵਿੱਚ 33 ਲੋਕ ਸਵਾਰ ਸਨ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਸਵਾਰੀਆਂ ਸੌਂ ਰਹੀਆਂ ਸਨ। ਜਦੋਂ ਤੱਕ ਯਾਤਰੀ ਖਤਰੇ ਨੂੰ ਸਮਝਦੇ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਇਸ ਕਾਰਨ ਬੱਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ। ਬੱਸ ਨੂੰ ਕਰੀਬ 1.30 ਵਜੇ ਅੱਗ ਲੱਗ ਗਈ।
ਬੁਲਢਾਣਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਸਮ੍ਰਿੱਧੀ ਹਾਈਵੇ ‘ਤੇ ਹੋਏ ਹਾਦਸੇ ‘ਚ ਜ਼ਖ਼ਮੀਆਂ ਅਤੇ ਮਰਨ ਵਾਲਿਆਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਇਹ ਹੈਲਪਲਾਈਨ ਨੰਬਰ ਹਨ: 7020435954 ਜਾਂ 07262242683
ਜ਼ਿਲ੍ਹੇ ਦੇ ਐਸਐਸਪੀ ਸੁਨੀਲ ਕਦਾਸਾਨੇ ਨੇ ਬੁਲਢਾਨਾ ਬੱਸ ਵਿੱਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੱਸ ‘ਚ ਕੁੱਲ 33 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 26 ਦੀ ਮੌਤ ਹੋ ਗਈ ਹੈ। ਇਸ ਅੱਗ ਕਾਰਨ ਡਰਾਈਵਰ ਸਮੇਤ 8 ਲੋਕ ਵਾਲ-ਵਾਲ ਬਚ ਗਏ। ਡਰਾਈਵਰ ਨੇ ਦੱਸਿਆ ਕਿ ਟਾਇਰ ਫਟਣ ਤੋਂ ਬਾਅਦ ਗੱਡੀ ਖੰਭੇ ਨਾਲ ਟਕਰਾ ਗਈ ਅਤੇ ਫਿਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਅੱਗ ਲੱਗ ਗਈ। ਐਸਐਸਪੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਾਡੀ ਤਰਜੀਹ ਲਾਸ਼ਾਂ ਦੀ ਸ਼ਨਾਖਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਣਾ ਹੈ।