ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ‘ਪੰਜਾਬੀ ਮਾਹ’ ‘ਚ ਸ਼ਾਮਲ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਆਪਣੀ ਮਾਂ ਬੋਲੀ ਬੋਲਣ ਤੋਂ ਸ਼ਰਮਾਉਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਲੱਗਣ ਲੱਗ ਗਿਆ ਹੈ ਕਿ ਪੰਜਾਬ ਤੋਂ ਵੱਡੀ ਕੋਈ ਹੋਰ ਭਾਸ਼ਾ ਹੈ ਪਰ ਲੋਕਾਂ ਨੂੰ ਸਮਝਣਾ ਪਵੇਗਾ ਕਿ ਕੋਈ ਹੋਰ ਬੋਲੀ ਬੋਲ ਕੇ ਨਾ ਤਾਂ ਅਸੀ ਵੱਡੇ ਬਣਾਂਗੇ ਅਤੇ ਨਾ ਹੀ ਵਿਦਵਾਨ। ਇਸ ਮੌਕੇ ਮਾਨ ਨੇ ਕਿਹਾ ਕਿ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਮੇਰੀ ਸਭ ਨੂੰ ਅਪੀਲ ਹੈ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਕੰਮ ਕਰਦਾ ਹੈ , 21 ਫਰਵਰੀ ਤੋਂ ਪਹਿਲਾਂ-ਪਹਿਲਾਂ ਆਪਣੇ ਦੁਕਾਨ, ਅਦਾਰੇ ਜਾਂ ਫੈਕਟਰੀ ਦਾ ਨਾਂ ਬੋਰਡ ‘ਤੇ ਸਭ ਤੋਂ ਉੱਪਰ ਪੰਜਾਬੀ ‘ਚ ਲਿਖਣ। ਬੋਰਡ ‘ਚ ਸਭ ਤੋਂ ਉੱਪਰ ਦੁਕਾਨ ਜਾਂ ਫੈਟਕਰੀ ਆਦਿ ਦਾ ਨਾਂ ਪੰਜਾਬੀ ਮਾਂ ਬੋਲੀ ‘ਚ ਲਿਿਖਆ ਨਜ਼ਰ ਆਉਣਾ ਚਾਹੀਦਾ ਹੈ ਫਿਰ ਚਾਹੇ ਹੇਠਾਂ ਕਿਸੇ ਹੋਰ ਭਾਸ਼ਾ ‘ਚ ਲਿਖ ਦਿਓ। ਮਾਨ ਨੇ ਕਿਹਾ ਕਿ ਜੋ ਲੋਕ ਜ਼ਿੰਮੇਵਾਰ ਹੋਣਗੇ ਉਹ ਤਾਂ 21 ਫਰਵਰੀ ਤੱਕ ਇਹ ਕੰਮ ਕਰ ਲੈਣਗੇ ਪਰ ਜੋ ਇਹ ਕੰਮ ਨਹੀਂ ਕਰਨਗੇ ਫਿਰ ਸਰਕਾਰ ਖ਼ੁਦ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਏਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀ ਬੋਲੀ ਅਜਿਹੀ ਹੈ ਕਿ ਇਸ ‘ਚ ਹਰ ਰਿਸ਼ਤੇ ਦਾ ਵਿਸਥਾਰ ਆਪ ਹੀ ਹੋ ਜਾਂਦਾ ਹੈ ਪਰ ਹੋਰ ਭਾਸ਼ਾ ‘ਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਕੋਲ ਤਾਂ ਖਜ਼ਾਨਾ ਹੈ, ਜਿੰਨਾ ਮਰਜ਼ੀ ਪੜ੍ਹੀ ਜਾਓ। ਅੱਜਕੱਲ੍ਹ ਬੱਚੇ ਸਲੇਬਸ ‘ਚ ਪੰਜਾਬੀ ਵਿਸ਼ਾ ਰੱਖਣਾ ਪਸੰਦ ਨਹੀਂ ਕਰਦੇ , ਜਿਸ ਕਾਰਨ ਪੰਜਾਬੀ ਸ਼ਬਦਾਂ ਦਾ ਸ਼ੁੱਧ ਉਚਾਰਣ ਘਟ ਗਿਆ ਹੈ। ਇਸ ਲਈ ਸਕੂਲ , ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਲੋੜ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਵਿਸ਼ੇ ਦੀਆਂ ਕਲਾਸਾਂ ਲਾਉਣ ਅਤੇ ਬੱਚਿਆਂ ਨੂੰ ਪੰਜਾਬੀ ਬੋਲਣ ਅਤੇ ਲਿਖਣ ਲਈ ਪ੍ਰੇਰਿਤ ਕਰਨ। ਮਾਨ ਨੇ ਕਿਹਾ ਕਿ ਕਿਸੇ ਵੀ ਚੀਜ਼ ਦੇ ਸਿਖਰ ‘ਤੇ ਰਹਿਣਾ ਬਹੁਤ ਔਖਾ ਹੈ। ਵਿਅਕਤੀ ਸਿਖਰ ‘ਤੇ ਤਾਂ ਪਹੁੰਚ ਜਾਂਦਾ ਹੈ ਪਰ ਉੱਥੇ ਟਿਕੇ ਰਹਿਣਾ ਬਹੁਤ ਔਖਾ ਹੈ।
ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਮਿਹਨਤ ਹੀ ਸਫ਼ਲਤਾ ਦਾ ਇੱਕੋ-ਇੱਕ ਰਾਹ ਹੈ। ਜਿਸ ਵਿਅਕਤੀ ਦੇ ਦਿਮਾਗ ‘ਚ ਸਫ਼ਲਤਾ ਦਾ ਵਿਚਾਰ ਹੁੰਦਾ ਹੈ ਉਹ ਖ਼ੁਦ ਮਿਹਨਤ ਕਰਦਾ ਹੈ। ਮਾਨ ਨੇ ਆਖਿਆ ਕਿ ਕਈ ਪੰਜਾਬੀ ਇਹ ਬੋਲਦੇ ਹਾਂ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਜਦਕਿ ਇਹ ਝੂਠ ਹੈ ਸਗੋਂ ਅਸਲ ‘ਚ ਮਾਂ ਬੋਲੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਸਾਨੂੰ ਆਪਣੇ ਲਈ, ਪਰਿਵਾਰ ਅਤੇ ਸਮਾਜ ਲਈ ਸਮਾਂ ਕੱਢਣਾ ਚਾਹੀਦਾ ਹੈ। ਜੇ ਸਮਾਜ ਵਧੇਗਾ ਤਾਂ ਹੀ ਪੰਜਾਬ ਅੱਗੇ ਵਧੇਗਾ। ਇਸ ਤੋਂ ਇਲਾਵਾ ਉਨ੍ਹਾਂ ਸਭ ਨੂੰ ਇਮਾਨਦਾਰੀ ਦੀ ਕਮਾਈ ਕਰਨ ਦੀ ਵੀ ਗੱਲ ਆਖੀ ਤੇ ਕਿਹਾ ਕਿ ਇਮਾਨਦਾਰੀ ਦੀ ਕਮਾਈ ਵਰਗਾ ਕੋਈ ਮਜ਼ਾ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਪਰ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ। ਪੰਜਾਬ ਕਈ ਵਾਰ ਡਿੱਗਿਆ ਹੈ ਅਤੇ ਬਹੁਤੀ ਵਾਰ ਉੱਠਿਆ ਵੀ ਹੈ। ਸਾਨੂੰ ਮਾਣ ਕਰਨਾ ਚਾਹੀਦਾ ਹੈ ਕਿ ਰੱਬ ਨੇ ਸਾਨੂੰ ਪੰਜਾਬੀ ਪੈਦਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਘ20 ਸੰਮੇਲਨ ਅੰਮ੍ਰਿਤਸਰ ‘ਚ ਹੋਣ ਜਾ ਰਿਹਾ ਹੈ।