ਅੰਮ੍ਰਿਤਸਰ : ਮਾਣਹਾਨੀ ਮਾਮਲੇ ‘ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਦੀ ਅਦਾਲਤ ‘ਚ ਪਹੁੰਚੇ, ਜਿੱਥੇ ‘ਆਪ’ ਨੇਤਾ ਸੰਜੇ ਸਿੰਘ ਨੂੰ ਵੀ ਪੇਸ਼ ਹੋਣਾ ਸੀ ਪਰ ਉਹ ਅੱਜ ਉਥੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਨੇਤਾ ‘ਤੇ ਨਿਸ਼ਾਨਾ ਸਾਧਿਆ ‘ਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਈ ਵਾਰ ਕਿਹਾ ਹੈ ਕਿ ਤੁਸੀਂ ਆ ਕੇ ਬੈਠ ਕੇ ਗੱਲ ਕਰ ਲਓ, ਪਰ ਉਹ ਆਪਣੇ ਅਹੁਦੇ ਦੀ ਧੋਸ ਜਮਾਉਦੇਂ ਹਨ ਅਤੇ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਸ਼ ਨਹੀਂ ਹੁੰਦੇ।
ਇਸ ਤੋਂ ਇਲਾਵਾ ਮਜੀਠੀਆ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ ਗਏ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਅੱਜ ਤੋਂ 70 ਸਾਲਾਂ ਪਹਿਲਾ ਲੋਕਾਂ ਨੇ ਅਜਿਹੇ ਹਾਲਾਤ ਨਹੀਂ ਦੇਖੇ ਹੋਣੇ। 6 ਮਹੀਨਿਆਂ ਵਿੱਚ ਦੋ ਆਰਪੀਜੀ ਹਮਲੇ ਹੋਏ, ਸਿੱਧੂ ਮੂਸੇ ਵਾਲਾ ਦਾ ਕਤਲ, ਨਕੋਦਰ ਕਾਂਡ, ਡੇਰਾ ਪ੍ਰੇਮੀ ਕਾਂਡ ਅਤੇ ਹੋਰ ਕਈ ਘਟਨਾਵਾਂ। ਮਜੀਠੀਆ ਨੇ ਅੱਗੇ ਕਿਹਾ ਕਿ ਇਹ ਪੰਜਾਬ ‘ਚ ਬਦਲਾਅ ਹੈ ? ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ। ਜਲੰਧਰ ਦੇ ਲਤੀਫਪੁਰਾ ਦੇ ਮਸਲੇ ’ਤੇ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਲੋਕਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਇਸ ਦੇ ਉਲਟ ਚੱਲ ਕੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਖੋਹ ਕੇ ਉਨ੍ਹਾਂ ਨੂੰ ਬੇਸਹਾਰਾ ਕਰ ਰਹੀ ਹੈ।
ਗੋਲਡੀ ਬਰਾੜ ‘ਤੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਗੋਲਡੀ ਬਰਾੜ ਅਜੇ ਤੱਕ ਫੜਿਆ ਨਹੀਂ ਗਿਆ, ਜੇਕਰ ਉਹ ਫੜਿਆ ਗਿਆ ਹੁੰਦਾ ਤਾਂ ਪੁਲਿਸ ਆਪਣੀ ਕਾਮਯਾਬੀ ਦਿਖਾਉਂਦੀ ਤੇ ਪੰਜਾਬ ਸਰਕਾਰ ਵੀ। ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਸ ਦਿਨ ਡੀ. ਜੀ. ਪੀ. ਕਿਧਰੇ ਗਾਇਬ ਹੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਹੁੰਦਾ ਤਾਂ ਪੰਜਾਬ ਪੁਲਸ ਆਪਣੀ ਪਿੱਠ ਜ਼ਰੂਰ ਥਾਪੜਦੀ ਪਰ ਉਹ ਵੀ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ।