ਸੱਤਾ ਵਿਚ ਪੈਰ ਧਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲਗਾਤਾਰ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ। ਇਕ ਤੋਂ ਬਾਅਦ ਇਕ ਵਿਧਾਇਕ ਅਤੇ ਮੰਤਰੀ ਨਵੇਂ ਮੁੱਦਿਆਂ ਨੂੰ ਲੈਕੇ ਇਲਜ਼ਾਮਾਂ ਹੇਠ ਘਿਰ ਜਾਂਦੇ ਹਨ। ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਬਾਅਦ ਹੁਣ ਮੋਗਾ ਤੋਂ ‘ਆਪ’ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਮੋਗਾ ਤੋਂ ‘ਆਪ’ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ‘ਤੇ ਏਸੀ ਤੇ ਫਰਿੱਜ ਦਾ ਘੁਟਾਲੇ ਕਰਨ ਦੇ ਇਲਜ਼ਾਮ ਲੱਗੇ ਹਨ। ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਉਨ੍ਹਾਂ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਮੋਗਾ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੋਲ ਮੋਗਾ ਦੇ ਸਿਵਲ ਹਸਪਤਾਲ ‘ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਸਨ। ਦੂਜੇ ਪਾਸੇ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਸਾਬਕਾ ਹੈਲਥ ਸੁਪਰਵਾਈਜ਼ਰ ਲੂੰਬਾ ਨੇ ਵਿਧਾਇਕ ਅਮਨਦੀਪ ‘ਤੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਲਈ ਖਰੀਦਿਆ ਏਅਰ ਕੰਡੀਸ਼ਨ (ਏਸੀ) ਵਿਧਾਇਕਾ ਦੇ ਨਿਵਾਸ ‘ਚ ਲਗਾਇਆ ਗਿਆ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ 6 ਬਿੱਲ ਵੀ ਮੀਡੀਆ ਦੇ ਸਾਹਮਣੇ ਆਏ ਹਨ। ਇਹ ਬਿੱਲ ਐਸਐਮਓ ਮੋਗਾ ਦੇ ਨਾਂ ’ਤੇ ਬਣੇ ਹਨ। ਇਹ ਬਿੱਲ ਅਕਾਲਸਰ ਰੋਡ ਮੋਗਾ ਜਨਤਾ ਇਲੈਕਟ੍ਰੋਨਿਕ ਦੀ ਦੁਕਾਨ ਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੁਕਾਨ ਤੋਂ ਇਹ ਸਾਮਾਨ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਵਿੱਚ ਕਿਤੇ ਵੀ ਏਸੀ ਜਾਂ ਫਰਿੱਜ ਨਹੀਂ ਲਗਾਇਆ ਗਿਆ। ਇਨ੍ਹਾਂ ਬਿੱਲਾਂ ਵਿੱਚ 13-13 ਹਜ਼ਾਰ ਦੇ 2 ਫਰਿੱਜ ਵੀ ਹਨ।
ਮਹਿੰਦਰਪਾਲ ਲੂੰਬਾ ਵੱਲੋਂ ਸਾਂਝੀ ਕੀਤੀਆਂ ਰਸੀਦਾਂ ਮੁਤਾਬਕ ਲੋਇਡ ਕੰਪਨੀ ਦੇ ਪਹਿਲਾ ਤੇ ਦੂਜਾ ਏਸੀ 15 ਅਗਸਤ 2022 ਤੇ 17 ਅਗਸਤ 2022 ਨੂੰ ਸਣੇ ਸਟੈਬੇਲਾਈਜ਼ਰ ਪ੍ਰਤੀ 33 ਹਜ਼ਾਰ ਯਾਨੀ ਕੁੱਲ 66 ਹਜ਼ਾਰ ਦੇ ਨਾਲ ਡਿਲੀਵਰ ਕੀਤੇ ਗਏ ਸਨ। ਡੇਢ ਟਨ ਦਾ ਤੀਜਾ ਏਸੀ 18 ਅਗਸਤ 2022 ਨੂੰ ਸਿਵਲ ਹਸਪਤਾਲ ਦੇ ਪਤੇ ‘ਤੇ ਸਟੈਬੇਲਾਈਜ਼ਰ ਸਮੇਤ 37 ਹਜ਼ਾਰ ਦੀ ਕੀਮਤ ‘ਚ ਦਿੱਤਾ ਗਿਆ। ਹਾਇਰ ਕੰਪਨੀ ਦਾ ਡੇਢ ਟਨ ਦਾ ਚੌਥਾ ਏਸੀ 29 ਅਗਸਤ 2022 ਨੂੰ ਸਮੇਤ ਸਟੈਬੇਲਾਈਜ਼ਰ ਹਸਪਤਾਲ ਭੇਜਿਆ ਗਿਆ ਸੀ। ਇਸੇ ਤਰ੍ਹਾਂ 30 ਜੂਨ 2022 ਤੇ 26 ਜੁਲਾਈ 2022 ਨੂੰ ਸਿਵਲ ਹਸਪਤਾਲ ਦੇ ਨਾਂ ‘ਤੇ ਵਰਲਪੂਲ ਕੰਪਨੀ ਦੇ 2 ਫਰਿੱਜਾਂ ਦੀ ਡਿਲੀਵਰੀ ਕੀਤੀ ਗਏ ਸਨ।
ਲੂੰਬਾ ਨੇ ਐਸਐਮਓ ‘ਤੇ ਮੋਗਾ ‘ਚ ਤਾਇਨਾਤੀ ਦੇ ਬਦਲੇ 3 ਲੱਖ ਰੁਪਏ ਦੀ ਰਿਸ਼ਵਤ ਦੇਣ ਦਾ ਵੀ ਦੋਸ਼ ਲਗਾਇਆ ਹੈ। ਹਾਲਾਂਕਿ ਵਿਧਾਇਕ ਅਮਨਦੀਪ ਅਰੋੜਾ ਪਹਿਲਾਂ ਹੀ ਲੂੰਬਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦੇ ਚੁੱਕੇ ਹਨ। ਵਿਧਾਇਕਾ ਅਮਨਦੀਪ ਕੌਰ ਨੇ ਕਿਹਾ ਹੈ ਕਿ ਮਹਿੰਦਰਪਾਲ ਦਾ ਤਬਾਦਲਾ ਰੁਟੀਨ ਦਾ ਮਾਮਲਾ ਹੈ। ਉਹ ਮੇਰੇ ‘ਤੇ ਝੂਠੇ ਦੋਸ਼ ਲਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵੇਲੇ ਵੀ ਆਪਣੇ ਤਬਾਦਲਿਆਂ ਨੂੰ ਰੋਕਣ ਲਈ ਉਹ ਵਿਰੋਧ ਕਰਦਾ ਰਹਾ ਹੈ। ਉਥੇ ਹੀ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਮਹਿੰਦਰਪਾਲ ਲੂੰਬਾ ਮੋਗਾ ਸਿਵਿਲ ਹਸਪਤਾਲ ਦਾ ਕਰਮਚਾਰੀ ਨਹੀਂ ਸਗੋਂ ਸਿਵਲ ਸਰਜਨ ਦਫ਼ਤਰ ਦਾ ਮੁਲਾਜ਼ਮ ਸੀ।