‘ਸਰਕਾਰ ਤੁਹਾਡੇ ਦੁਆਰ’ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਾਨ ਸਰਕਾਰ ਵਲੋਂ ਚੰਡੀਗੜ੍ਹ ਦੀ ਬਜਾਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕੈਬਨਿਟ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਲੁਧਿਆਣਾ ਅਤੇ ਜਲੰਧਰ ‘ਚ ਹੋਈਆਂ ਦੋ ਮੰਤਰੀ ਮੰਡਲ ਦੀਆਂ ਮੀਟਿੰਗਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 10 ਜੂਨ ਨੂੰ ਹੋਣ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਦੀ ਕੈਬਨਿਟ ਮੀਟਿੰਗ ਮਾਨਸਾ ਜ਼ਿਲ੍ਹੇ ‘ਚ ਹੋਵੇਗੀ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਟਵੀਟ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਵਾਅਦੇ ਦੇ ਮੁਤਾਬਕ ‘ਸਰਕਾਰ ਤੁਹਾਡੇ ਦੁਆਰ’ ਲੜੀ ਤਹਿਤ ਪੰਜਾਬ ਸਰਕਾਰ ਦੀ ਕੈਬਨਿਟ ਦੀ ਅਹਿਮ ਮੀਟਿੰਗ 10 ਜੂਨ ਨੂੰ ਦੁਪਹਿਰ 12 ਵਜੇ ਮਾਨਸਾ ਵਿਖੇ ਹੋਵੇਗੀ। ਕਈ ਅਹਿਮ ਫ਼ੈਸਲਿਆਂ ‘ਤੇ ਵਿਚਾਰ-ਚਰਚਾ ਹੋਵੇਗੀ ਅਤੇ ਬਾਕੀ ਵੇਰਵੇ ਜਲਦ ਹੀ ਸਾਂਝੇ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਲੁਧਿਆਣਾ ਅਤੇ ਜਲੰਧਰ ‘ਚ ਕੈਬਨਿਟ ਮੀਟਿੰਗ ਕੀਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਹੁਣ ਕੈਬਨਿਟ ਮੀਟਿੰਗ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਹੋਇਆ ਕਰੇਗੀ, ਜਿੱਥੇ ਲੋਕਾਂ ਦੇ ਮਸਲੇ ਹੱਲ ਹੋਣਗੇ।