ਦਿੱਲੀ ਸੇਵਾ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਇਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ, ਜਿਸ ਦਾ ਅਧੀਰ ਰੰਜਨ ਚੌਧਰੀ ਨੇ ਵਿਰੋਧ ਕੀਤਾ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਬਿੱਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਿਰੁੱਧ ਹੈ। ਦਸ ਦਈਏ ਕਿ ਇਹ ਬਿੱਲ ਅਫਸਰਾਂ ਦੇ ਤਬਾਦਲੇ ਨਾਲ ਸਬੰਧਤ ਹੈ। ਦਿੱਲੀ ਸੇਵਾ ਬਿੱਲ ਲੋਕ ਸਭਾ ਵਿੱਚ ਪੇਸ਼ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਨੇ ਇਸ ਨੂੰ ਹੁਣ ਤੱਕ ਦਾ ਸੰਸਦ ਵਿੱਚ ਪੇਸ਼ ਕੀਤਾ ਸਭ ਤੋਂ ਗੈਰ-ਜਮਹੂਰੀ, ਗੈਰ-ਕਾਨੂੰਨੀ ਦਸਤਾਵੇਜ਼ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕਰਨ ਲਈ ਕਈ ਵਿਰੋਧੀ ਪਾਰਟੀਆਂ ਦਾ ਸਮਰਥਨ ਮੰਗਿਆ ਸੀ। ਜਦੋਂ ਲੋਕ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ, ਤਾਂ ਆਮ ਆਦਮੀ ਪਾਰਟੀ ਨੇ ਕਿਹਾ, “ਦਿੱਲੀ ਸੇਵਾ ਆਰਡੀਨੈਂਸ ਵਾਲਾ ਬਿੱਲ ਹੁਣ ਤੱਕ ਦੀ ਸੰਸਦ ਵਿੱਚ ਪੇਸ਼ ਕੀਤਾ ਗਿਆ ਸਭ ਤੋਂ ਗੈਰ-ਜਮਹੂਰੀ, ਗੈਰ-ਕਾਨੂੰਨੀ ਦਸਤਾਵੇਜ਼ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿੱਲ , 2023 ਦਿੱਲੀ ਵਿੱਚ ਲੋਕਤੰਤਰ ਹਟਾਕੇ ਬਾਬੂਸ਼ਾਹੀ ਸਥਾਪਿਤ ਕਰੇਗਾ। ਵਿਰੋਧੀ ਗਠਜੋੜ ‘ਇੰਡੀਆ’ ਦੇ ਸਾਰੇ ਮੈਂਬਰ ਅਤੇ ਸੰਵਿਧਾਨ ਦਾ ਸਤਿਕਾਰ ਕਰਨ ਵਾਲੇ ਮੈਂਬਰ ਦਿੱਲੀ ਸੇਵਾ ਆਰਡੀਨੈਂਸ ਦੀ ਥਾਂ ਲੈਣ ਵਾਲੇ ਬਿੱਲ ਦਾ ਸਖ਼ਤ ਵਿਰੋਧ ਕਰਨਗੇ।”
ਦੱਸ ਦੇਈਏ ਕਿ ਦਿੱਲੀ ਸੇਵਾ ਬਿੱਲ ‘ਤੇ ਮੋਦੀ ਸਰਕਾਰ ਨੂੰ ਹੁਣ ਬੀਜੂ ਜਨਤਾ ਦਲ (ਬੀਜੇਡੀ) ਦਾ ਸਮਰਥਨ ਮਿਲ ਗਿਆ ਹੈ। ਸੂਤਰਾਂ ਮੁਤਾਬਕ ਬੀਜੇਡੀ ਦਿੱਲੀ ਸੇਵਾ ਬਿੱਲ ‘ਤੇ ਸੰਸਦ ‘ਚ ਮੋਦੀ ਸਰਕਾਰ ਦਾ ਸਮਰਥਨ ਕਰੇਗੀ। ਬੀਜੇਡੀ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਦਿੱਲੀ ਸੇਵਾ ਬਿੱਲ ਦੇ ਸਮਰਥਨ ਵਿੱਚ ਵੋਟ ਕਰੇਗੀ। ਬੀਜੇਡੀ ਦੇ ਸਮਰਥਨ ਤੋਂ ਬਾਅਦ ਰਾਜ ਸਭਾ ਵਿੱਚ ਦਿੱਲੀ ਸੇਵਾ ਬਿੱਲ ਦਾ ਪਾਸ ਹੋਣਾ ਪੱਕਾ ਹੋ ਗਿਆ ਹੈ। ਇਸ ਨੂੰ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬੀਜੇਡੀ ਦੇ ਰਾਜ ਸਭਾ ਵਿੱਚ ਨੌਂ ਸਾਂਸਦ ਹਨ। ਦਿੱਲੀ ਸਰਵਿਸਿਜ਼ ਬਿੱਲ ਦੇ ਪੱਖ ‘ਚ ਹੁਣ ਘੱਟੋ-ਘੱਟ 128 ਵੋਟਾਂ ਦੀ ਪੁਸ਼ਟੀ ਹੋ ਚੁੱਕੀ ਹੈ।