ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਦੀ Z+ ਸੁਰੱਖਿਆ ਠੁਕਰਾਉਣ ਤੋਂ ਬਾਅਦ ਵਿਰੋਧੀਆਂ ਨੇ ਸੀ.ਐਮ. ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਜ਼ਰੀਏ ਤਿੱਖਾ ਹਮਲਾ ਕਰਦਿਆਂ ਕਿਹਾ “ਮਾਨ ਸਾਹਿਬ ਚੀਚੀ ਉਤੇ ਲਹੂ ਲਾ ਕੇ ਸ਼ਹੀਦ ਨਾ ਬਣੋ! ਤੁਸੀਂ ਕਹਿੰਦੇ ਹੋ ਕੇ ਮੈਂ ਕੇਂਦਰ ਦੀ ਸਕਿਓਰਟੀ ਨਹੀਂ ਲੈਣੀ ਪਰ ਜ਼ਰਾ ਕਿਰਪਾ ਕਰਕੇ ਪੰਜਾਬ ਸਰਕਾਰ ਦੀ ਸਕਿਓਰਟੀ ਤੇ ਗੰਨਮੈਨਾਂ ਦੀ ਗਿਣਤੀ ਬਾਰੇ ਲੋਕਾਂ ਨੂੰ ਚਾਨਣਾ ਪਾਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਕੋਲ ਕਿੰਨੀ ਗਿਣਤੀ ਵਿੱਚ ਸਕਿਓਰਟੀ ਹੈ?”
ਇਸ ਤੋਂ ਅੱਗੇ ਉਹਨਾਂ ਕਿਹਾ ਕਿ ਮਾਨ ਸਾਹਿਬ ਖੰਡ-ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਜਿੰਨਾਂ ਚਿਰ ਖੰਡ ਮੂੰਹ ਵਿੱਚ ਨਾਂ ਪਵੇ, ਇਹ ਤੁਹਾਡੀਆਂ ਸ਼ੋਸ਼ੇਬਾਜੀਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਨਾ। ਆਪਣੀ ਕਹਿਣੀ ਤੇ ਕਥਨੀ ਵਿਚਲਾ ਅੰਤਰ ਦੂਰ ਕਰੋ
ਦਸ ਦਈਏ ਕਿ ਅੱਜ ਸੀਐਮ ਸਕਿਓਰਿਟੀ ਟੀਮ ਨੇ ਆਖਿਆ ਹੈ ਕਿ ਮੁੱਖ ਮੰਤਰੀ ਮਾਨ ਨੂੰ Z+ ਸੁਰੱਖਿਆ ਦੀ ਲੋੜ ਨਹੀਂ ਹੈ। ਇਸ ਸਬੰਧੀ ਸੀਐਮ ਸਕਿਓਰਿਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬ ਅਤੇ ਦਿੱਲੀ ਵਿਚ ਕੇਂਦਰ ਦੀ z+ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਲਈ ਪੰਜਾਬ ਅਤੇ ਪੁਲਿਸ ਜਾਂ ਸੀਐਮ ਸਕਿਓਰਿਟੀ ਟੀਮ ਹੀ ਕਾਫੀ ਹੈ।