ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੁਕਤਸਰ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਬੱਚੇ ਹਰਮਨਦੀਪ ਸਿੰਘ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਬੱਚੇ ਨੂੰ ਬਚਾਉਣ ਵਿਚ ਨਾਕਾਮਯਾਬ ਰਹੀ ਹੈ। ਸੂਤਰਾਂ ਮੁਤਾਬਕ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਇਸ ਮਾਮਲੇ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀ ਹੈ।
ਦਰਅਸਲ 25 ਨਵੰਬਰ ਨੂੰ ਸ੍ਰੀ ਮੁਕਤਸਰ ਦੇ ਪਿੰਡ ਕੋਟਭਾਈ ਤੋਂ ਅਗਵਾ ਕੀਤੇ ਗਏ 20 ਸਾਲਾ ਹਰਮਨ ਨਾਮ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਹਰਮਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਦੱਸਿਆ ਜਾ ਰਿਹਾ ਹੈ ਕਿ ਅਗਵਾਕਾਰਾਂ ਵੱਲੋਂ ਹਰਮਨ ਦੇ ਘਰ ਕਈ ਚਿੱਠੀਆਂ ਸੁੱਟੀਆਂ ਗਈਆਂ ਸਨ, ਜਿਸ ਵਿਚ ਉਨ੍ਹਾਂ ਨੇ ਹਰਮਨ ਦੇ ਬਦਲੇ ਵਿਚ 30 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਸ ਗੈਂਗ ਵੱਲੋਂ ਪਹਿਲਾਂ ਵੀ ਫਿਰੌਤੀ ਦੇ ਪੈਸੇ ਨਾ ਦੇਣ ‘ਤੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਹਰਮਨ ਦੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਹੁਣ ਪੁਲਸ ਨੂੰ ਉਸ ਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ. ਅੱਜ ਪ੍ਰੈੱਸ ਕਾਨਫਰੰਸ ਕਰਨਗੇ।