ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕੁਝ ਮਹੀਨਿਆਂ ਤੋਂ ਮੋਹਾਲੀ ਦੇ ਬਾਰਡਰ ਵਿਖੇ ਕੌਮੀ ਇਨਸਾਫ਼ ਮੋਰਚੇ ਚੱਲ ਰਿਹਾ ਹੈ। ਇਸ ਦੌਰਾਨ ਇਸ ਮੋਰਚੇ ਵਿਚ ਸ਼ਨੀਵਾਰ ਨੂੰ ਇਕ ਖੂਨੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਜਿਸ ਵਿਚ ਨਿਹੰਗਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਇਸ ਝੜਪ ‘ਚ ਮੇਲਾ ਸਿੰਘ ਨਾਮ ਦੇ ਇੱਕ ਨਿਹੰਗ ਨੇ ਨਿਹੰਗ ਬੱਬਰ ਸਿੰਘ ਦੇ ਖੱਬੇ ਗੁੱਟ ‘ਤੇ ਤਲਵਾਰ ਮਾਰੀ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿਚ ਕਾਰਵਾਈ ਕਰਦੇ ਹੋਏ ਸਖ਼ਤ ਐਕਸ਼ਨ ਲਿਆ ਹੈ। ਦਸ ਦਈਏ ਕਿ ਪੁਲਿਸ ਨੇ ਦੋਸ਼ੀ ਮੇਲਾ ਸਿੰਘ ਸਮੇਤ 11 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬੱਬਰ ਸਿੰਘ ਨੂੰ ਮੁਹਾਲੀ ਦੇ 6 ਫੇਜ਼ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਸਰਜਰੀ ਤੋਂ ਬਾਅਦ ਬੱਬਰ ਸਿੰਘ ਦਾ ਗੁੱਟ ਜੋੜ ਦਿੱਤਾ ਗਿਆ, ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮੇਲਾ ਸਿੰਘ ਨੂੰ ਕੌਮੀ ਇਨਸਾਫ਼ ਮੋਰਚਾ ਨੇੜਿਓਂ ਗ੍ਰਿਫ਼ਤਾਰ ਕੀਤਾ ਜਦੋਂਕਿ ਉਸ ਦਾ ਸਾਥੀ ਹਾਲੇ ਫਰਾਰ ਹੈ।ਮ ਪੁਲਿਸ ਨੇ ਦੱਸਿਆ ਕਿ ਦੋਵੇਂ ਨਿਹੰਗ ਸੈਕਟਰ-52 ਦੇ ਇਕ ਪਾਰਕ ਨੇੜੇ ਬੈਠੇ ਸਨ, ਜਦੋਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਵਿੱਚ ਕਿਸ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਚਸ਼ਮਦੀਦ ਗਵਾਹ ਵੀ ਇਸ ਬਾਰੇ ਕੁਝ ਨਹੀਂ ਦੱਸ ਰਹੇ ਹਨ। ਤਕਰਾਰ ਤੋਂ ਬਾਅਦ ਦੋਵਾਂ ਨੇ ਅਚਾਨਕ ਤਲਵਾਰਾਂ ਕੱਢ ਲਈਆਂ ਅਤੇ ਇਕ ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਬੱਬਰ ਸਿੰਘ ਦੇ ਖੱਬੀ ਗੁੱਟ ‘ਤੇ ਤਲਵਾਰ ਨਾਲ ਵਾਰ ਕੀਤਾ ਗਿਆ। ਇਸ ਦੌਰਾਨ ਉਥੇ ਮੌਜੂਦ ਕੁਝ ਲੋਕਾਂ ਨੇ ਦਖਲ ਦੇ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਗੁੱਸੇ ਵਿੱਚ ਆਇਆ ਮੇਲਾ ਸਿੰਘ ਤਲਵਾਰ ਲੈ ਕੇ ਪੀੜਤ ਦੇ ਪਿੱਛੇ ਭੱਜਦਾ ਦੇਖਿਆ ਗਿਆ।
ਹਮਲੇ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਮਟੌਰ ਥਾਣੇ ਦੇ ਐਸਐਚਓ ਗੱਬਰ ਸਿੰਘ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਪੀੜਤਾ ਦਾ ਕਾਫੀ ਖੂਨ ਵਹਿ ਰਿਹਾ ਸੀ, ਇਸ ਲਈ ਅਸੀਂ ਐਂਬੂਲੈਂਸ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਪੀੜਤ ਨੂੰ ਪੁਲਿਸ ਦੀ ਗੱਡੀ ‘ਚ ਹੀ ਹਸਪਤਾਲ ਲੈ ਗਏ। ਪੀੜਤ ਦੀ ਪਛਾਣ 37 ਸਾਲਾ ਨਿਹੰਗ ਬੱਬਰ ਸਿੰਘ ਚੰਦੀ ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਉਹ ਬਾਬਾ ਆਮਨਾ ਗਰੁੱਪ ਨਾਲ ਜੁੜਿਆ ਹੋਇਆ ਹੈ।