ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਖਿਲਾਫ ਅਮਰੀਕਾ ਵਿੱਚ ਹੋਏ ਐਕਸ਼ਨ ਉੱਪਰ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ। ਸਿੱਧੂ ਦੇ ਪਿਤਾ ਨੇ ਕਿਹਾ ਕਿ ਗੋਲਡੀ ਬਰਾੜ ਬਾਰੇ ਜਾਣਕਾਰੀ ਮੀਡੀਆ ਵਿੱਚ ਆਈ ਹੈ ਪਰ ਹੁਣ ਤੱਕ ਸਰਕਾਰ ਦੇ ਕਿਸੇ ਵੀ ਵਿਅਕਤੀ ਨੇ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਮਿਹਰ ਕਰੇ ਤੇ ਇਹ ਖਬਰ ਸੱਚੀ ਹੋਵੇ। ਇਸ ਨਾਲ ਮਨ ਨੂੰ ਕੁਝ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਮੈਂ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਨੂੰ ਦੁਬਾਰਾ ਲਿਆ ਕੇ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਹੀ ਸੱਚਾਈ ਸਾਹਮਣੇ ਆਵੇਗੀ।
ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਪਤਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਨੂੰ ਕੈਲੀਫੋਰਨੀਆ ‘ਚ ਟ੍ਰੈਕ ਕੀਤਾ ਗਿਆ ਹੈ। ਇਹ ਖਬਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਅਮਰੀਕਾ ‘ਚ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ, ਇਸ ਦੇ ਲਈ ਭਾਰਤੀ ਏਜੰਸੀਆਂ ਤੋਂ ਵੀ ਇਸ ਦੀ ਫਾਈਲ ਮੰਗੀ ਗਈ ਹੈ। ਜਿਸ ਤੋਂ ਬਾਅਦ ਉਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਅਜੇ ਤੱਕ ਗੋਲਡੀ ਦੇ ਫੜੇ ਜਾਣ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।