ਫ਼ਾਜ਼ਿਲਕਾ ਦੇ 122 ਪਿੰਡ ਤੇ 15 ਢਾਣੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੇਣ ਲਈ 578.28 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਪਹੁੰਚੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਹੁਣ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਇਆ ਜਾਵੇਗਾ।
ਇਸ ਮੌਕੇ ਉਹਨਾਂ ਨੇ ਜਿਥੇ ‘ਸਰਕਾਰ ਤੁਹਾਡੇ ਦੁਆਰ’ ਨਾਂ ਦੀ ਸਕੀਮ ਨੂੰ ਲੈਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ। ਉਥੇ ਹੀ ਉਹਨਾਂ ਨੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ‘ਤੇ ਬਾਦਲਾਂ ‘ਤੇ ਸ਼ਬਦੀ ਵਾਰ ਕੀਤੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ। ਅਸੀਂ ਗੁਰੂ ਦਾ ਇਨਸਾਫ਼ ਦਿਵਾਵਾਂਗੇ। ਗਲੀਆਂ ਵਿਚ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਨੂੰ ਇਨ੍ਹਾਂ ਨੇ ਰੋਲਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਇਥੇ ਦੇਰ ਹੈ ਅੰਧੇਰ ਨਹੀਂ, ਜੇ ਸਾਡੇ ਹੱਥ ਵਿਚ ਇਸਨਾਫ਼ ਦਾ ਪੈੱਨ ਆ ਗਿਆ ਤਾਂ ਗੁਰੂ ਦਾ ਇਨਸਾਫ਼ ਪੰਜਾਬ ਵਿਚ ਹੀ ਨਾ ਦਿਵਾ ਸਕੇ ਤਾਂ ਫਿਰ ਕਾਹਦੀਆਂ ਸਰਕਾਰਾਂ। ਹੁਣ ਗੁਰੂ ਦਾ ਇਨਸਾਫ਼ ਦਿਵਾਵਾਂਗੇ। ਇਨ੍ਹਾਂ ਤੋਂ ਲੁੱਟ ਦਾ ਹਰ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪਹਿਲਾਂ ਸੋਚਿਆ ਸੀ ਕਿ ਕੈਪਟਨ ਦੀ ਸਰਕਾਰ ਆਵੇਗੀ, ਕੋਈ ਨਾ ਆਪਣੇ ਹੀ ਹਨ, ਫਿਰ ਅਸੀਂ ਆਵਾਂਗੇ, ਅਸੀਂ ਤਾਂ ਹੈ ਹੀ ਆਪਣੇ। ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੋਈ ਤੀਜਾ ਵੀ ਆ ਸਕਦਾ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਕੱਲ੍ਹ ਹੀ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਅਤੇ ਅਸੀਂ ਇਨਸਾਫ਼ ਦਿਵਾਵਾਂਗੇ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਹਮਲਾ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਮੇਰੇ 32 ਦੰਦ ਹਨ ਅਤੇ ਮੇਰੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਹਨ। ਮੈਂ ਕਿਹਾ ਸੀ ਕਿ ਬਾਦਲ ਸਾਬ੍ਹ ਮੈਂ ਤੁਹਾਡੀ ਲੰਬੀ ਉਮਰ ਦੀ ਅਰਦਾਸ ਕਰਦਾ ਹਾਂ ਅਤੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਜੋ ਅਕਾਲੀ ਦਲ ਦਾ ਹਾਲ ਤੁਸੀਂ ਕੀਤਾ ਹੈ ਉਹ ਆਪਣੇ ਅੱਖੀਂ ਵੇਖ ਕੇ ਜਾਈਓਂ। ਕਾਨੂੰਨ ਸਭ ਲਈ ਇਕ ਹੈ।