ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਤਾਰ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਇਸੇ ਦਰਮਿਆਨ ਸਰਕਾਰ ਨੇ ਇਕ ਹੋਰ ਐਲਾਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਦਸ ਦਈਏ ਕਿ ਪੰਜਾਬ ਦੇ ਲੋਕ ਹੁਣ ਘਰ ਬੈਠੇ ਹੀ ਅਸ਼ੀਰਵਾਦ ਯੋਜਨਾ (Ashirwad Scheme) ਦਾ ਲਾਭ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪੰਜਾਬ ਭਵਨ ਵਿਖੇ ਪੋਰਟਲ ਲਾਂਚ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਸਾਰੀਆਂ ਨਵੀਨਤਮ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਇਹ ਪੋਰਟਲ ਐੱਨ. ਆਈ. ਸੀ. ਪੰਜਾਬ ਦੇ ਡਿਪਟੀ ਡਾਇਰੈਕਟਰ (ਜਨਰਲ) ਅਤੇ ਐੱਸ. ਆਈ. ਵਿਵੇਕ ਵਰਮਾ ਦੀ ਟੀਮ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ ਅਤੇ ਇਸ ਨਾਲ ਅਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਘਰ ਬੈਠ ਕੇ ਆਨਲਾਈਨ ਅਪਲਾਈ ਕਰ ਸਕਣਗੇ। ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ‘ਚ ਪਾਰਦਰਸ਼ਤਾ ਅਤੇ ਤੇਜ਼ੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਨੇੜਲੇ ਭਵਿੱਖ ‘ਚ ਅਜਿਹੀਆਂ ਹੋਰ ਪਹਿਲ ਕਦਮੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ 31 ਦਸੰਬਰ, 2022 ਤੱਕ ਆਨਲਾਈਨ ਅਤੇ ਆਫ਼ਲਾਈਨ ਅਪਲਾਈ ਕਰ ਸਕਦੇ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਸਬੰਧਿਤਾਂ ਨੂੰ ਟ੍ਰੇਨਿੰਗ ਦੇਣ ਉਪਰੰਤ 1 ਜਨਵਰੀ, 2023 ਤੋਂ ਬਾਅਦ ਲਾਭਪਾਤਰੀ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਣਗੇ। ਦੱਸਣਯੋਗ ਹੈ ਕਿ ਪੰਜਾਬ ‘ਚ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਮਿਲਦੇ ਹਨ।