ਪਟਿਆਲਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਐਕਸ਼ਨ ਮੋਡ ਵਿਚ ਵਿਖਾਈ ਦੇ ਰਹੇ ਹਨ। ਜੇਲ੍ਹ ਤੋਂ ਬਾਹਰ ਆਉਂਦੇ ਸਾਰ ਅੱਜ ਨਵਜੋਤ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਗਏ। ਇਸ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਫਿਰ ਪੰਜਾਬ ਦੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਇਸਦੇ ਨਾਲ ਹੀ ਉਹਨਾਂ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, “ਸਰਕਾਰ ਕੋਈ ਵੀ ਹੋਵੇ, ਸਰਕਾਰ ਦੀ ਪਹਿਲੀ ਜਿੰਮੇਵਾਰੀ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਹੁੰਦੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਇੱਥੇ ਸਰਕਾਰ ਅਪਰਾਧਾਂ ਤੋਂ ਬਚਾਅ ਕਰਦੀ ਹੈ ਜਾਂ ਅਪਰਾਧ ਕਰਦੀ ਹੈ?”
ਦਸ ਦਈਏ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ 1988 ਦੇ ‘ਰੋਡ ਰੇਜ’ ਮਾਮਲੇ ‘ਚ ਕਰੀਬ 10 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਸ਼ਨੀਵਾਰ ਨੂੰ ਪਟਿਆਲਾ ਸੈਂਟਰਲ ਜੇਲ ‘ਚੋਂ ਬਾਹਰ ਆ ਗਏ ਹਨ।