ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਸੀ। ਅੱਜ ਬੱਬੂ ਮਾਨ ਇਸੇ ਮਾਮਲੇ ‘ਚ ਮਾਨਸਾ ਪੁਲਸ ਅੱਗੇ ਜਾਂਚ ‘ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਪੰਜਾਬੀ ਗਾਇਕ ਬੱਬੂ ਮਾਨ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲਿਸ ਸਾਹਮਣੇ ਜਾਂਚ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਬੱਬੂ ਮਾਨ ਜਾਂਚ ਲਈ ਮਾਨਸਾ ਦੇ ਸੀਆਈਏ ਦਫ਼ਤਰ ਪਹੁੰਚੇ। ਸਿੱਧੂ ਮੁਸੇਵਾਲਾ ਕਤਲ ਮਾਮਲੇ ‘ਚ ਅੱਜ ਮਾਨਸਾ ਵਿਖੇ ਐੱਸ. ਆਈ. ਟੀ. ਵੱਲੋਂ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਾਇਕ ਬੱਬੂ ਮਾਨ ਆਪਣੇ ਸੁਰੱਖਿਆ ਕਰਮੀਆਂ ਤੇ ਵਕੀਲਾਂ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ। ਬੱਬੂ ਮਾਨ ਤੋਂ ਇਲਾਵਾ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਇਹ ਖ਼ਬਰਾਂ ਆਈਆਂ ਸਨ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਵੱਲੋਂ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਨਾਲ ਫੋਨ ‘ਤੇ ਗੱਲਬਾਤ ਹੋਈ ਪਰ ਉਹ ਉਸ ਨੂੰ ਪੁੱਛਗਿੱਛ ਸੈਸ਼ਨ ਲਈ ਦੁਬਾਰਾ ਬੁਲਾਣਗੇ। ਜਾਂਚ ‘ਚ ਅਜੇਪਾਲ ਹੀ ਨਹੀਂ ਸਗੋ ਗਾਇਕ ਮਨਕੀਰਤ ਔਲਖ, ਗੁਰੂ ਰੰਧਾਵਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਚੁੱਕਾ ਹੈ ਕਿ ਬਲਕੌਰ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਕੁਝ ਨਾਂ ਦਿੱਤੇ ਹਨ ਪਰ ਉਨ੍ਹਾਂ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਸ ਦੌਰਾਨ ਅਫਸਾਨਾ ਖ਼ਾਨ, ਦਿਲਪ੍ਰੀਤ ਢਿੱਲੋਂ ਅਤੇ ਜੈਨੀ ਜੌਹਲ ਵਰਗੇ ਕਲਾਕਾਰਾਂ ਤੋਂ ਵੀ ਪਹਿਲਾਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਵੀ ਪੰਜਾਬੀ ਗਾਇਕ ਤੇ ਫ਼ਿਲਮ ਨਿਰਮਾਤਾ ਅਜਿਹੇ ਹਨ, ਜੋ ਪੁਲਸ ਅਧਿਕਾਰੀਆਂ ਦੀ ਰਾਡਾਰ ‘ਤੇ ਹਨ ਪਰ ਨਾਂ ਬਾਹਰ ਨਹੀਂ ਆਏ। ਮੂਸੇਵਾਲਾ ਦੇ ਮਾਮਲੇ ‘ਚ ਕਈ ਸ਼ਾਰਪ ਸ਼ੂਟਰ ਵੀ ਗ੍ਰਿਫ਼ਤਾਰ ਕੀਤੇ ਗਏ ਸਨ ਪਰ ਉਸ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ, ਇਸ ਦੀ ਜਾਂਚ ਅਜੇ ਵੀ ਜਾਰੀ ਹੈ। ਖ਼ਬਰਾਂ ਹਨ ਕਿ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲਿਆ ਗਿਆ ਸੀ ਪਰ ਬਾਅਦ ‘ਚ ਇੱਕ ਇੰਟਰਵਿਊ ਅਤੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ, ਇਹ ਖੁਲਾਸਾ ਹੋਇਆ ਕਿ ਇਹ ਖ਼ਬਰ ਫਰਜ਼ੀ ਸੀ।