ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿਚ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ। ਸਿਆਸੀ ਲੀਡਰਾਂ ਤੋਂ ਇਲਾਵਾ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦੇਕੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਹੁਣ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਖੁੱਲ੍ਹ ਕੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਦਿਲਜੀਤ ਨੇ ਪਿਛਲੇ ਦਿਨੀਂ ਕਲਾਕਾਰਾਂ ਦੀਆਂ ਹੱਤਿਆਵਾਂ ‘ਤੇ ਆਪਣੀ ਚੁੱਪ ਤੋੜੀ ਤੇ ਇਸ ਲਈ ‘ਸਰਕਾਰ ਦੀ ਨਾਲਾਇਕੀ’ ਨੂੰ ਜ਼ਿੰਮੇਵਾਰ ਠਹਿਰਾਇਆ।
ਦਿਲਜੀਤ ਨੇ ਕਿਹਾ, ‘ਇਨ੍ਹਾਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ ਕਿਸੇ ਨਾਲ ਕੁਝ ਗਲਤ ਕਰ ਸਕਦਾ ਹੈ, ਮੈਂ ਆਪਣੇ ਤਜਰਬੇ ਦੀ ਗੱਲ ਕਰ ਰਿਹਾ ਹਾਂ। ਕਲਾਕਾਰ ਤੇ ਕਿਸੇ ਹੋਰ ਦੇ ਵਿਚਕਾਰ ਕੁਝ ਵੀ ਨਹੀਂ ਹੋ ਸਕਦਾ ਤਾਂ ਫਿਰ ਕੋਈ ਹੋਰ ਕਿਸੇ ਨੂੰ ਕਿਉਂ ਮਾਰੇਗਾ? ਇਹ ਬਹੁਤ ਹੀ ਦੁਖਦਾਈ ਗੱਲ ਹੈ। ਇਸ ਬਾਰੇ ਗੱਲ ਕਰਨਾ ਵੀ ਬਹੁਤ ਔਖਾ ਹੈ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਸੁਰੱਖਿਆ ਵਾਪਸ ਲੈਣ ਬਾਰੇ ਦਿਲਜੀਤ ਨੇ ਕਿਹਾ, ‘ਇਹ ਸਰਕਾਰ ਦੀ ਸੌ ਫੀ਼ਸਦ ਨਾਲਾਇਕੀ ਹੈ। ਇਹ ਰਾਜਨੀਤੀ ਹੈ ਤੇ ਰਾਜਨੀਤੀ ਬਹੁਤ ਗੰਦੀ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਸ ਨੂੰ ਇਨਸਾਫ਼ ਮਿਲੇ ਤੇ ਅਜਿਹਾ ਦੁਖਾਂਤ ਨਾ ਵਾਪਰੇ।’
ਦੱਸ ਦੇਈਏ ਕਿ 29 ਮਈ 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਆਪਣੇ ਪਿੰਡ ਮੂਸਾ ਤੋਂ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰ ਕੇ ਨੇੜੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।