ਪੰਜਾਬ ਦੇ ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਅੱਜ ਭਾਜਪਾ ਵਿੱਚ ਰਸਮੀ ਤੌਰ ‘ਤੇ ਸ਼ਾਮਲ ਹੋ ਗਏ ਹਨ। ਕਰੀਬ 10 ਦਿਨ ਪਹਿਲਾਂ ਅਸ਼ਵਨੀ ਸੇਖੜੀ ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਉਨ੍ਹਾਂ ਦੀ ਇਸ ਹਰਕਤ ‘ਤੇ ਤੰਜ ਕਸੇ ਸੀ। ਅੱਜ ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਭਾਜਪਾ ‘ਚ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੇ ਨਾਲ ਹੀ ਸੇਖੜੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਕਾਂਗਰਸ ਇਕਾਈ ਨੂੰ ਆੜੇ ਹੱਥੀਂ ਲਿਆ ਹੈ। ਜਾਖੜ ਨੇ ਕਿਹਾ ਕਿ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ ਹੈ। ਜਿਸ ਤਰ੍ਹਾਂ ਕਾਂਗਰਸ ਨੇ ਆਮ ਆਦਮੀ ਪਾਰਟੀ ਅੱਗੇ ਸਰੰਡਰ ਕੀਤਾ ਹੈ ਉਸ ਨਾਲ ਇਹਨਾਂ ਦੇ ਸਾਰੇ ਮਖੌਟੇ ਉਤਰ ਗਏ ਹਨ। ਇਸ ਦੇ ਨਾਲ ਹੀ ਅਸ਼ਵਨੀ ਸੇਖੜੀ ਨੇ ਵੀ ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਕਾਂਗਰਸ ‘ਚ ਹੁਣ ਸਿਰਫ ਕੁਰਸੀ ਦੀ ਲੜਾਈ ਹੀ ਬਚੀ ਹੈ, ਪੰਜਾਬ ਲਈ ਕੋਈ ਨਹੀਂ ਸੋਚਦਾ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ‘ਚ ਕਾਬਲੀਅਤ ਕੰਮ ਨਹੀਂ ਕਰਦੀ। ਇੱਥੇ ਸਿਰਫ਼ ਪੈਸਾ ਹੀ ਮਾਇਨੇ ਰੱਖਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ‘ਚ ਮੈਰਿਟ ਨਹੀਂ ਮਨੀ ਚੱਲਦੀ ਹੈ।
ਅਸ਼ਵਨੀ ਸੇਖੜੀ ਨੇ ਇਸ ਦੌਰਾਨ ਪੰਜਾਬ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਈ। ਸੇਖੜੀ ਨੇ ਕਿਹਾ ਕਿ ਪੰਜਾਬ ਦੀ ਇੱਕ ਪੀੜ੍ਹੀ ਅੱਤਵਾਦ ਨੇ, ਦੂਜੀ ਨਸ਼ਿਆਂ ਨੇ ਬਰਬਾਦ ਕੀਤੀ ਅਤੇ ਹੁਣ ਤੀਜੀ ਪੀੜ੍ਹੀ ਵਿਦੇਸ਼ਾਂ ਵਿੱਚ ਭੱਜ ਰਹੀ ਹੈ। ਪਿਛਲੇ ਸਾਲ 1.60 ਲੱਖ ਨੌਜਵਾਨ ਵਿਦੇਸ਼ ਗਏ ਸਨ। ਇਹ ਚਿੰਤਾ ਦਾ ਵਿਸ਼ਾ ਹੈ। ਕਿਸੇ ਸਮੇਂ ਪੰਜਾਬ ਨੰਬਰ ਇਕ ਸੂਬਾ ਹੁੰਦਾ ਸੀ, ਹੁਣ 15ਵੇਂ ਨੰਬਰ ‘ਤੇ ਆ ਗਿਆ ਹੈ। ਇਸ ਦੌਰਾਨ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਪੰਜਾਬ ਲਈ ਵਿਸ਼ੇਸ਼ ਪੈਕੇਜ ਬਾਰੇ ਗੱਲ ਕੀਤੀ।
ਸੇਖੜੀ ਦੀ ਗੱਲ ਕਰੀਏ ਤਾਂ ਉਹ ਨਵਜੋਤ ਸਿੰਘ ਸਿੱਧੂ ਧੜੇ ਦੇ ਮੰਨੇ ਜਾਂਦੇ ਹਨ। ਸਿੱਧੂ ਦੇ ਪ੍ਰਧਾਨ ਬਣਨ ਅਤੇ ਅਸਤੀਫਾ ਦੇਣ ਤੋਂ ਬਾਅਦ ਵੀ ਉਹ ਸਿੱਧੂ ਦੇ ਕਰੀਬ ਹੀ ਵਿਖਾਈ ਦਿੰਦੇ ਰਹੇ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਿੱਧੂ ਦੇ ਨਜ਼ਦੀਕੀਆਂ ਤੋਂ ਦੂਰ ਰਹਿਣ ਦਾ ਅਸਰ ਸੇਖੜੀ ‘ਤੇ ਵੀ ਦੇਖਣ ਨੂੰ ਮਿਲਿਆ। ਵਾਰਡਬੰਦੀ ਵੱਲੋਂ ਉਸ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਉਹ ਪਾਰਟੀ ਛੱਡ ਰਹੇ ਹਨ।
ਦਸ ਦਈਏ ਕਿ ਸੇਖੜੀ ਨੇ ਪਹਿਲੀ ਵਾਰ 1985 ਵਿੱਚ ਬਟਾਲਾ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਉਹ 2002 ਅਤੇ 2012 ਵਿੱਚ ਬਟਾਲਾ ਤੋਂ ਮੁੜ ਚੁਣੇ ਗਏ ਸਨ। 2002 ਵਿੱਚ, ਉਨ੍ਹਾਂ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ ਨਿਯੁਕਤ ਕੀਤਾ ਗਿਆ। 2009 ਵਿੱਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ। ਸੇਖੜੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਬਟਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ, ਪਰ ਆਮ ਆਦਮੀ ਪਾਰਟੀ ਦੇ ਅਮਨਸ਼ੇਰ ਸਿੰਘ ਤੋਂ ਚੋਣ ਹਾਰ ਗਏ।