ਰਾਜਸਥਾਨ ਦੇ ਭਰਤਪੁਰ ‘ਚ ਬੁੱਧਵਾਰ ਸਵੇਰੇ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋਈ ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਿਸ ਅਤੇ ਪ੍ਰਸ਼ਾਸਨ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬੱਸ ਵਿੱਚ 57 ਤੋਂ ਵੱਧ ਲੋਕ ਸਵਾਰ ਸਨ। ਇਹ ਹਾਦਸਾ ਲਖਨਪੁਰ ਥਾਣਾ ਖੇਤਰ ਦੇ ਆਗਰਾ-ਜੈਪੁਰ ਰਾਸ਼ਟਰੀ ਰਾਜਮਾਰਗ-21 ‘ਤੇ ਹੰਤਾਰਾ ਨੇੜੇ ਸਵੇਰੇ 5:30 ਵਜੇ ਵਾਪਰਿਆ। ਮਰਨ ਵਾਲਿਆਂ ਵਿੱਚ 7 ਔਰਤਾਂ ਅਤੇ 5 ਪੁਰਸ਼ ਸਨ। ਸਾਰੇ ਮ੍ਰਿਤਕ ਗੁਜਰਾਤ ਦੇ ਭਾਵਨਗਰ ਦੇ ਰਹਿਣ ਵਾਲੇ ਸਨ।
ਪੁਲਿਸ ਮੁਤਾਬਕ ਬੱਸ ਭਾਵਨਗਰ ਤੋਂ ਮਥੁਰਾ ਦੇ ਰਸਤੇ ਹਰਿਦੁਆਰ ਜਾ ਰਹੀ ਸੀ। ਸਵੇਰੇ ਭਰਤਪੁਰ-ਆਗਰਾ ਹਾਈਵੇਅ ‘ਤੇ ਬੱਸ ਦੀ ਡੀਜ਼ਲ ਪਾਈਪ ਅਚਾਨਕ ਫਟ ਗਈ। ਡਰਾਈਵਰ ਸਮੇਤ ਕਰੀਬ 10-12 ਸਵਾਰੀਆਂ ਬੱਸ ਤੋਂ ਉਤਰ ਗਈਆਂ। ਡਰਾਈਵਰ ਤੇ ਉਸ ਦੇ ਸਾਥੀ ਪਾਈਪ ਦੀ ਮੁਰੰਮਤ ਕਰਕੇ ਡੀਜ਼ਲ ਲੈਣ ਗਏ ਸਨ। ਉਦੋਂ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਨੇੜੇ ਖੜ੍ਹੇ ਲੋਕਾਂ ਨੂੰ ਕੁਚਲ ਕੇ ਅੱਗੇ ਚੱਲਾ ਗਿਆ। ਇਸ ਦੌਰਾਨ ਉਥੋਂ ਲੰਘ ਰਹੇ ਹੋਰ ਵਾਹਨਾਂ ਦੇ ਚਾਲਕਾਂ ਨੇ ਸੜਕ ‘ਤੇ ਬੇਹੋਸ਼ ਪਏ ਲੋਕਾਂ ਨੂੰ ਦੇਖ ਕੇ ਪੁਲਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਬੁਲਾਈ। ਸਾਰਿਆਂ ਦੀਆਂ ਲਾਸ਼ਾਂ ਨੂੰ ਭਰਤਪੁਰ ਜ਼ਿਲਾ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ।
ਹਾਦਸੇ ਤੋਂ ਬਾਅਦ ਲਾਸ਼ਾਂ ਹਾਈਵੇਅ ‘ਤੇ ਖਿੱਲਰ ਗਈਆਂ। ਉੱਥੇ ਮੌਜੂਦ ਲੋਕਾਂ ਨੇ ਇੱਕ-ਇੱਕ ਲਾਸ਼ ਨੂੰ ਸੜਕ ਦੇ ਵਿਚਕਾਰੋਂ ਹਟਾ ਕੇ ਇੱਕ ਪਾਸੇ ਰੱਖ ਦਿੱਤਾ। ਇਸ ਦੇ ਨਾਲ ਹੀ ਹਾਈਵੇਅ ‘ਤੇ ਜਾਮ ਲੱਗ ਗਿਆ। ਪੁਲਸ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟੱਕਰ ਕਿਸ ਵਾਹਨ ਨਾਲ ਹੋਈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੋਸ਼ ‘ਚ ਆਉਣ ‘ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।