ਸੁਪਰੀਮ ਕੋਰਟ ਵਲੋਂ ਮੋਦੀ ਸਰਨੇਮ ਟਿਪਣੀ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ‘ਚ ਖੁਸ਼ੀ ਦੀ ਲਹਿਰ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਅਤੇ ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਚਾਈ, ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਅੱਜ ਨੇਕੀ ਅਤੇ ਸੱਚ ਦੀ ਜਿੱਤ ਹੋਈ ਹੈ। ਜੇਕਰ ਫੈਸਲਾ ਵੱਖਰਾ ਹੁੰਦਾ ਤਾਂ ਦੇਸ਼ ਦੇ ਲੋਕਾਂ ਦਾ ਸੰਵਿਧਾਨ ਤੋਂ ਵਿਸ਼ਵਾਸ ਉੱਠ ਜਾਂਦਾ।
ਰਾਜਾ ਵੜਿੰਗ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸੱਚਾਈ ਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਹੈ। ਇਸ ਕਾਰਨ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ ਨੂੰ ਵੀ ਇਹ ਸੰਦੇਸ਼ ਮਿਲਿਆ ਹੈ ਕਿ ਉਹ ਹਮੇਸ਼ਾ ਸੱਚ ‘ਤੇ ਡਟੇ ਰਹਿਣ। ਉਨ੍ਹਾਂ ਦੇਸ਼ ਦੀ ਜਨਤਾ ਦੇ ਨਾਲ-ਨਾਲ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਵੀ ਵਧਾਈ ਦਿੱਤੀ। ਵੜਿੰਗ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦੇਸ਼ ‘ਚ ਅਜੇ ਵੀ ਕਿਤੇ ਨਾ ਕਿਤੇ ਅਜਿਹੇ ਲੋਕ ਜ਼ਿੰਦਾ ਹਨ, ਜੋ ਸੱਚ ‘ਤੇ ਚੱਲਣ ਬਾਰੇ ਸੋਚਦੇ ਹਨ। ਕਾਂਗਰਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ ਪਰ ਆਖਰੀ ਉਮੀਦ ਨੇ ਨੇਕੀ ਉੱਤੇ ਮੋਹਰ ਲਗਾ ਦਿੱਤੀ ਹੈ।
ਦਸ ਦਈਏ ਕਿ ਮੋਦੀ ਟਿਪਣੀ ਸਰਨੇਮ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ। ਜੱਜ ਨੇ ਕਿਹਾ ਕਿ ਅਸੀਂ ਸੈਸ਼ਨ ਕੋਰਟ ‘ਚ ਅਪੀਲ ਬਕਾਇਆ ਹੋਣ ਤੱਕ ਰਾਹੁਲ ਦੀ ਸਜ਼ਾ ‘ਤੇ ਰੋਕ ਲਗਾ ਰਹੇ ਹਾਂ। ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ‘ਤੇ ਕਾਂਗਰਸ ਨੇ ਕਿਹਾ, ਇਹ ਨਫ਼ਰਤ ਦੇ ਖਿਲਾਫ ਪਿਆਰ ਦੀ ਜਿੱਤ ਹੈ।