ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਫਿਲਮ ਅਦਾਕਾਰ ਸਨੀ ਦਿਓਲ ਇੰਨੀ-ਦਿਨੀਂ ਆਪਣੀ ਨਵੀਂ ਫਿਲਮ “ਗਦਰ 2” ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚੋਂ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ “ਗਦਰ 2” ਵਿਵਾਦਾਂ ‘ਚ ਘਿਰ ਗਈ ਹੈ।
ਦਰਅਸਲ, ਫਿਲਮ “ਗਦਰ 2” ਦੀ ਸ਼ੂਟਿੰਗ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਅਦਾਕਾਰ ਸਨੀ ਦਿਓਲ ਅਤੇ ਅਮਿਸ਼ਾ ਪਟੇਲ ਇਕ ਗੁਰਦੁਆਰਾ ਸਾਹਿਬ ‘ਚ ਇਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਪਿੱਛੇ ਇੱਕ ਜੱਥਾ ਗੱਤਕਾ ਵੀ ਖੇਡਦਾ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਸਿੱਖ ਧਾਰਮਿਕ ਜਥੇਬੰਦੀਆਂ ਵਲੋਂ ਇਸਦਾ ਵਿਰੋਧ ਕੀਤਾ ਗਿਆ ਹੈ। ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇਸ ਸੀਨ ‘ਤੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਨੇ ਸੰਨੀ ਦੇ ਨਾਲ-ਨਾਲ ਫ਼ਿਲਮ ਨਿਰਦੇਸ਼ਕ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ, ਇਸ ਵੀਡੀਓ ‘ਤੇ ਖੜੇ ਹੋਏ ਵਿਵਾਦ ਤੋਂ ਬਾਅਦ ਫਿਲਮ “ਗਦਰ 2” ਦੇ ਨਿਰਦੇਸ਼ਕ ਅਨਿਲ ਸ਼ਰਮਾ ਵਲੋਂ ਇਕ ਪੱਤਰ ਲਿਖਕੇ ਇਸ ਮੁੱਦੇ ‘ਤੇ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਅਤੇ ਨਾਲ ਹੀ ਮੁਆਫੀ ਵੀ ਮੰਗੀ ਗਈ ਹੈ। ਡਾਇਰੈਕਟਰ ਅਨਿਲ ਸ਼ਰਮਾ ਨੇ ਕਿਹਾ, “ਮੈਂ ਸਾਡੀ ਫਿਲਮ, ਗਦਰ 2 ਦੇ ਇੱਕ ਸੀਨ ਤੋਂ ਲੀਕ ਹੋਈ ਵੀਡੀਓ ਫੁਟੇਜ ਵਾਲੀ ਤਾਜ਼ਾ ਘਟਨਾ ਨੂੰ ਸੰਬੋਧਿਤ ਕਰਨਾ ਚਾਹਾਂਗਾ, ਜੋ ਇੱਕ ਗੁਰਦੁਆਰਾ ਸਹਿਬ ਦੇ ਬਾਹਰੀ ਹਿੱਸੇ ਵਿੱਚ ਸ਼ੂਟ ਕੀਤੀ ਗਈ ਸੀ। ਸਭ ਤੋਂ ਪਹਿਲਾਂ, ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਮੈਂ, ਮੇਰੀ ਟੀਮ, ਧਾਰਮਿਕ ਭਾਵਨਾਵਾਂ ਦਾ ਸਭ ਤੋਂ ਵੱਧ ਸਤਿਕਾਰ ਕਰਦੇ ਹਾਂ ਅਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੈਂ ਇਸ ਨੂੰ ਪਹਿਲਾਂ ਵੀ ਬਣਾਈਆਂ ਗਈਆਂ ਫਿਲਮਾਂ ਵਿੱਚ ਬਰਕਰਾਰ ਰੱਖਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਨੂੰ ਯਕੀਨੀ ਬਣਾਵਾਂਗਾ।
ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕੈਪਚਰ ਕੀਤੀ ਫੁਟੇਜ ਇੱਕ ਨਿੱਜੀ ਫੋਨ ‘ਤੇ ਲਈ ਗਈ ਸੀ ਅਤੇ ਫਿਲਮ ਦੇ ਇੱਕ ਅਣ-ਐਡਿਟ ਕੀਤੇ ਦ੍ਰਿਸ਼ ਨੂੰ ਦਰਸਾਉਂਦੀ ਹੈ। ਜੇਕਰ ਮੇਰੇ ਤੋਂ ਅਣਜਾਣੇ ਵਿੱਚ ਗਲਤੀ ਹੋਈ ਹੈ, ਕਿਸੇ ਨੂੰ ਬੁਰਾ ਲੱਗਿਆ ਜਾਂ ਠੇਸ ਪਹੁੰਚੀ ਹੈ, ਤਾਂ ਮੈਂ ਦਿਲੋਂ ਮੁਆਫੀ ਚਾਹੁੰਦਾ ਹਾਂ। ਕਿਸੇ ਨੂੰ ਠੇਸ ਪਹੁੰਚਾਉਣ ਦਾ ਜਾਂ ਨਿਰਾਦਰ ਕਰਨ ਦਾ ਮੇਰਾ ਇਰਾਦਾ ਕਦੇ ਨਹੀਂ ਸੀ, ਅਤੇ ਮੈਨੂੰ ਕਿਸੇ ਵੀ ਪਰੇਸ਼ਾਨੀ ਲਈ ਡੂੰਘਾ ਅਫਸੋਸ ਹੈ।
ਅਸੀਂ ਇਹ ਯਕੀਨੀ ਬਣਾਉਣ ਲਈ ਸਾਰੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹਾਂ ਕਿ ਸਾਡਾ ਕੰਮ ਜ਼ਿੰਮੇਵਾਰ ਅਤੇ ਆਦਰਪੂਰਵਕ ਢੰਗ ਨਾਲ ਕੀਤਾ ਜਾਵੇ। ਮੈਂ ਫਿਲਮ ਦੀ ਸ਼ੂਟਿੰਗ ਦੌਰਾਨ ਗੁਰੂਦੁਆਰਾ ਕਮੇਟੀ ਦੇ ਅਟੁੱਟ ਸਹਿਯੋਗ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ। ਮੈਂ ਤੁਹਾਡੀ ਸਮਝ ਅਤੇ ਨਿਰੰਤਰ ਸਮਰਥਨ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਇਹ ਕਹਿ ਕੇ ਆਪਣੀ ਗੱਲ ਸਮਾਪਤ ਕਰਨਾ ਚਾਹਾਂਗਾ ਕਿ ਗਦਰ 2 ਦੁਆਰਾ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ, ਨਾ ਹੀ ਅੱਗੇ ਪਹੁੰਚੇਗੀ।