ਰਿਸ਼ਵਤਖੋਰੀ ਨੂੰ ਲੈਕੇ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ, ਕਈ ‘ਆਪ’ ਆਗੂਆਂ ਵਲੋਂ ਇਸਦੇ ਜਵਾਬ ਦਿੱਤੇ ਜਾਂਦੇ ਹਨ। ਪਰ ਸਾਰਿਆਂ ਨੂੰ ਇਹ ਇੰਤਜ਼ਾਰ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸਦਾ ਜੀ ਜਵਾਬ ਦਿੰਦੇ ਹਨ। ਹੁਣ ਸੀ.ਐਮ. ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਬਖ਼ਸ਼ਣਾ, ਕੋਈ ਜਿਹੜੀ ਮਰਜ਼ੀ ਦਾ ਪਾਰਟੀ ਦਾ ਆਗੂ ਹੋਵੇ। ਜਾਂਚ ਪੜ੍ਹਤਾਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਭ ਕੱਲ੍ਹ ਹੀ ਸਭ ਨੇ ਵੇਖ ਲਿਆ ਹੈ। ਭਾਵੇਂ ਸਾਡੀ ਪਾਰਟੀ ਦਾ ਹੋਵੇ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਕਾਨੂੰਨ ਸਭ ਦੇ ਲਈ ਇਕ ਹੈ। ਲੋਕਾਂ ਦੇ ਪੈਸੇ ਦਾ ਹਿਸਾਬ ਲਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਇਹ ਨਹੀਂ ਵੇਖਦੀ ਕਿ ਬਰੈਕਟ ਵਿਚ ਕਿਹੜੀ ਪਾਰਟੀ ਦਾ ਨਾਂ ਲਿਖਿਆ ਹੈ।
ਦਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੀਰਵਾਰ ਨੂੰ ‘ਆਪ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਸ਼ਮ ਗਰਗ ਨੂੰ ਪਿੰਡ ਗੁੱਡਾ ਦੇ ਸਰਪੰਚ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ।