ਜਲਾਭਿਸ਼ੇਕ ਯਾਤਰਾ ਨੂੰ ਲੈ ਕੇ ਅੱਜ ਹਰਿਆਣਾ ਦੇ ਨੂੰਹ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਿੰਦੂ ਸੰਗਠਨਾਂ ਵੱਲੋਂ ਸ਼ੋਭਾ ਯਾਤਰਾ ਕੱਢਣ ਦੇ ਐਲਾਨ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਹਨ। ਹਾਲਾਂਕਿ, ਪ੍ਰਸ਼ਾਸਨ ਨੇ ਸ਼ੋਭਾ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਜਿਹੇ ‘ਚ ਕੁਝ ਹਿੰਦੂ ਨੇਤਾਵਾਂ ਨੂੰ ਨੂੰਹ ਅਤੇ ਗੁਰੂਗ੍ਰਾਮ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਗੁਰੂਗ੍ਰਾਮ ‘ਚ ਕੁਲਭੂਸ਼ਣ ਭਾਰਦਵਾਜ ਦੇ ਘਰ ‘ਤੇ ਪੁਲਿਸ ਤਾਇਨਾਤ ਹੈ। ਇਸ ਦੇ ਨਾਲ ਹੀ ਕਈ ਹਿੰਦੂ ਨੇਤਾਵਾਂ ਨੂੰ ਨੂੰਹ ‘ਚ ਵੀ ਘਰਾਂ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਨੂੰਹ ‘ਚ ਪ੍ਰਸ਼ਾਸਨ ਨੇ 14-15 ਲੋਕਾਂ ਨੂੰ ਨਲਹਾਰ ਮੰਦਰ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਗੁਰੂਗ੍ਰਾਮ ‘ਚ ਨਜ਼ਰਬੰਦ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਇਹ ਔਰੰਗਜ਼ੇਬ ਦਾ ਰਾਜ ਹੈ। ਦੱਸ ਦੇਈਏ ਕਿ ਨੂੰਹ ਹਿੰਸਾ ਤੋਂ ਬਾਅਦ ਕੁਲਭੂਸ਼ਣ ਭਾਰਦਵਾਜ ਦੇ ਖਿਲਾਫ ਦੋ ਮਹਾਪੰਚਾਇਤਾਂ ਵਿੱਚ ਨਫਰਤ ਭਰੇ ਭਾਸ਼ਣ ਦੀਆਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਹਰਿਆਣਾ ਪੁਲਿਸ ਦੀ ਏਡੀਜੀਪੀ (ਲਾਅ ਐਂਡ ਆਰਡਰ) ਮਮਤਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਭ ਕੁਝ ਸ਼ਾਂਤੀਪੂਰਨ ਹੈ। ਆਲੋਕ ਕੁਮਾਰ ਜਲਾਭਿਸ਼ੇਕ ਕਰਨਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਨੂੰ ਯਾਤਰਾ ਨਹੀਂ ਕਰਨ ਦੇਵਾਂਗੇ। ਅਸੀਂ ਆਲੋਕ ਕੁਮਾਰ ਦੇ ਨਾਲ ਕੁਝ ਚੋਣਵੇਂ ਲੋਕਾਂ ਨੂੰ ਇਜਾਜ਼ਤ ਦਿੱਤੀ ਹੈ। ਅਸੀਂ ਆਲੋਕ ਕੁਮਾਰ ਅਤੇ ਕੁਝ ਲੋਕਾਂ ਨੂੰ ਆਪਣੀਆਂ ਗੱਡੀਆਂ ‘ਚ ਲੈ ਜਾ ਰਹੇ ਹਾਂ ਅਤੇ ਜਲਾਭਿਸ਼ੇਕ ਤੋਂ ਬਾਅਦ ਉਨ੍ਹਾਂ ਨੂੰ ਸਰਹੱਦ ਪਾਰ ਲੈ ਜਾਵਾਂਗੇ। ਅਸੀਂ ਸਥਾਨਕ ਲੋਕਾਂ ਨੂੰ ਨਹੀਂ ਰੋਕ ਰਹੇ, ਪਰ ਕਿਸੇ ਨੂੰ ਬਾਹਰੋਂ ਆਉਣ ਨਹੀਂ ਦੇਵਾਂਗੇ। ਭੀੜ ਨੂੰ ਨੂੰਹ ਲੈ ਕੇ ਆਉਣ ਵਾਲੇ ਕੁਝ ਲੋਕਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹੁਣ ਤੱਕ ਸਾਨੂੰ ਦੋਵਾਂ ਪਾਸਿਆਂ ਤੋਂ ਪੂਰਾ ਸਮਰਥਨ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਪੁਲਿਸ ਲਾਈਨ ਨੂੰਹ ਪਹੁੰਚ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਜਲਾਭਿਸ਼ੇਕ ਯਾਤਰਾ ਦੀ ਇਜਾਜ਼ਤ ਮਿਲ ਗਈ ਹੈ। ਇਨ੍ਹਾਂ ਵਿਚ ਭਾਜਪਾ-ਜੇਜੇਪੀ, ਆਰਐਸਐਸ ਨਾਲ ਜੁੜੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਨਾਲ ਹੀ ਪਿੰਡ ਪੋਂਡਾਰੀ ਵਿੱਚ 13 ਅਗਸਤ ਨੂੰ ਹੋਈ ਹਿੰਦੂ ਮਹਾਪੰਚਾਇਤ ਤੋਂ ਬਾਅਦ ਬਣਾਈ ਗਈ 51 ਮੈਂਬਰੀ ਟੀਮ ਦੇ ਲੋਕ ਵੀ ਹਨ।
ਪੁਲਿਸ ਨੂਹ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਨਜ਼ਰ ਆ ਰਹੀ ਹੈ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਪੁਲਿਸ ਦੇ 675 ਅਧਿਕਾਰੀ ਅਤੇ ਕਰਮਚਾਰੀ ਮੋਰਚੇ ‘ਤੇ ਤਾਇਨਾਤ ਹਨ, ਜਦਕਿ ਤਿੰਨ ਐਚਏਪੀ ਬਟਾਲੀਅਨਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੀਐਸਐਫ਼ ਦੇ ਹਜ਼ਾਰਾਂ ਜਵਾਨ ਨੂੰਹ ਸ਼ਹਿਰ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੇ ਹਨ। ਪੁਲਿਸ ਨੇ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਬੈਰੀਕੇਡਿੰਗ ਕੀਤੀ ਹੋਈ ਹੈ। ਹਰ ਬੈਰੀਕੇਡ ‘ਤੇ ਕੈਮਰਿਆਂ ਰਾਹੀਂ ਹਰ ਕਾਰਵਾਈ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਹਰ ਵਾਹਨ ਨੂੰ ਰੋਕ ਕੇ ਚੈਕਿੰਗ ਕਰਕੇ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ। ਸੜਕਾਂ ‘ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ।
ਦਸ ਦਈਏ ਕਿ 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੀ ਯਾਤਰਾ ‘ਤੇ ਭੀੜ ਵੱਲੋਂ ਹਮਲਾ ਕਰਨ ਤੋਂ ਬਾਅਦ ਨੂੰਹ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਫਿਰਕੂ ਝੜਪਾਂ ਵਿੱਚ ਦੋ ਹੋਮ ਗਾਰਡ ਅਤੇ ਇੱਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ। ਸਰਵ ਜਾਤੀ ਹਿੰਦੂ ਮਹਾਪੰਚਾਇਤ ਨੇ 28 ਅਗਸਤ ਨੂੰ 13 ਅਗਸਤ ਨੂੰ ਨੂੰਹ ‘ਚ ਬ੍ਰਿਜ ਮੰਡਲ ਸ਼ੋਭਾ ਯਾਤਰਾ ਨੂੰ ਦੁਬਾਰਾ ਕੱਢਣ ਦਾ ਸੱਦਾ ਦਿੱਤਾ ਸੀ।