ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਪ੍ਰਸ਼ਾਸਨ ਵਲੋਂ ਜੋ ਜਲੰਧਰ ਦੇ ਲਤੀਫਪੁਰਾ ਵਿੱਚ ਲੋਕਾਂ ਨਾਲ ਸਲੂਕ ਕੀਤਾ ਗਿਆ ਉਹ ਸਿਰਫ਼ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਮਸ਼ਹੂਰ ਹੋ ਚੁੱਕਾ ਹੈ। ਇਸਦੇ ਚਲਦਿਆਂ ਹੁਣ ਜਿਹੜੇ ਲੋਕਾਂ ਦੇ ਘਰ ਢਾਏ ਗਏ ਸੀ ਉਹਨਾਂ ਵਲੋਂ ਇਕੱਠੇ ਹੋਕੇ ਸਖ਼ਤ ਐਕਸ਼ਨ ਲਿਆ ਗਿਆ ਹੈ। ਦਰਅਸਲ, ਉਜਾੜੇ ਗਏ ਲੋਕਾਂ ਨੇ ਸਰਕਾਰ ਵੱਲੋਂ ਫਲੈਟ ਦੇਣ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵੱਲੋਂ ਉਸੇ ਥਾਂ ਵੱਸਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਅਜੇ ਮੰਗ ਮੰਨਣ ਦੇ ਰੌਂਅ ਵਿੱਚ ਨਹੀਂ ਹੈ।
ਇਸ ਲਈ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵੱਲੋਂ 1 ਜਨਵਰੀ ਨੂੰ ਪੀਏਪੀ ਚੌਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਮੰਗਲਵਾਰ ਨੂੰ ਛੋਟੇ ਸਾਹਿਬਜਾਦਿਆਂ ਦਾ ਸਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਇੰਟਰਨੈਸਨਲ ਪੰਥਕ ਪ੍ਰਸਿੱਧ ਕਵੀਸ਼ਰੀ ਜੱਥਾ ਵੱਲੋਂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਜਥੇਬੰਦੀਆਂ ਤੇ ਪੀੜਤ ਲੋਕਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਕਲਪ ਲਿਆ ਕਿ ਉਜਾੜੇ ਵਾਲੀ ਥਾਂ ਉੱਤੇ ਹੀ ਲਤੀਫਪੁਰਾ ਦਾ ਮੁੜ ਵਸੇਬਾ ਕਰਵਾਉਣ, ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਖ਼ਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਰਚੇ ਵੱਲੋਂ 1 ਜਨਵਰੀ ਨੂੰ ਪੀਏਪੀ ਚੌਕ ਵਿੱਚ ਜਾਮ ਕੀਤਾ ਜਾਵੇਗਾ।
ਇਸ ਮੌਕੇ ਮੋਰਚੇ ਦੇ ਆਗੂਆਂ ਸੰਤੋਖ ਸਿੰਘ ਸੰਧੂ, ਡਾਕਟਰ ਗੁਰਦੀਪ ਸਿੰਘ ਭੰਡਾਲ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਬੋਧਨ ਕੀਤਾ। ਇਸ ਦੌਰਾਨ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਆਪਣੀਆਂ ਪੰਜਾਬ ਭਰ ਦੀਆਂ ਸਫਾਂ ਨੂੰ 1 ਜਨਵਰੀ ਨੂੰ ਪੀਏਪੀ ਚੌਕ ਵਿੱਚ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਹਾਈਵੇਅ ਜਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸੋਰ ਹਾਜ਼ਰ ਸਨ।