ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸੋਸ਼ਲ ਮੀਡੀਆ ਸਟਾਰ ਅਤੇ ਇੰਸਟਾਗ੍ਰਾਮ ਇੰਫਲੂਐਂਸਰ ਜਸਨੀਤ ਕੌਰ ਨੂੰ ਬਲੈਕਮੇਲ ਕਰਨ ਅਤੇ ਧਮਕੀ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਜਸਨੀਤ ਕੌਰ ਆਪਣੇ ਸਾਥੀਆਂ ਨਾਲ ਮਿਲਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਬਲੈਕਮੇਲ ਕਰਦੀ ਸੀ।
ਜਿਸ ਤੋਂ ਬਾਅਦ ਜਸਨੀਤ ਕੌਰ ਦੇ ਜਾਲ ਵਿਚ ਫਸੇ ਇਕ ਕਾਰੋਬਾਰੀ ਨੇ ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਪੁਲਿਸ ਨੇ ਜਸਨੀਤ ਕੌਰ ਅਤੇ ਸਾਥੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਕਾਰੋਬਾਰੀ ਨੇ ਦੱਸਿਆ ਕਿ ਜਸਨੀਤ ਅਤੇ ਸਾਥੀਆਂ ਵਲੋਂ ਕਾਰੋਬਾਰੀ ਤੋਂ 2 ਕਰੋੜ ਰੁਪਏ ਮੰਗੇ ਅਤੇ ਬਲੈਕਮੇਲ ਕਰਨ ਲੱਗੇ ਕਿ ਜਸਨੀਤ ਨਾਲ ਹੋਈ ਚੈਟ ਵਾਇਰਲ ਕਰ ਦਿੱਤੀ ਜਾਵੇਗੀ। ਪੁਲਿਸ ਨੇ ਜਸਨੀਤ ਕੌਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਸਦੇ ਸਾਥੀ ਅਜੇ ਵੀ ਫਰਾਰ ਹਨ। ਜਸਨੀਤ ਕੌਰ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਲੋਕਾਂ ਨੂੰ ਕੀਤੀ ਗਈ ਬਲੈਕਮੇਲਿੰਗ ਦਾ ਪਤਾ ਲਗਾਉਣ ਲਈ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਉਸ ਦੇ ਕਰੀਬ 2 ਲੱਖ ਫਾਲੋਅਰਸ ਦਾ ਪਤਾ ਲੱਗਾ ਹੈ।
ਦਸ ਦਈਏ ਕਿ ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ ‘ਤੇ Vlog, ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਅਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। ਹਾਲਾਂਕਿ ਉਸਦੀ ਮਨਸ਼ਾ ਪੂਰੀ ਨਹੀਂ ਹੋਈ, ਉਸਨੇ ਬਲੈਕਮੇਲਿੰਗ ਦਾ ਸਹਾਰਾ ਲਿਆ। ਪੁਲਿਸ ਨੇ ਜਦੋਂ ਮਾਮਲੇ ਦੀ ਪੜਤਾਲ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਕੀ ਧਮਕੀਆਂ ਦੇਣ ਵਾਲਾ ਵਿਅਕਤੀ ਜਸਨੀਤ ਕੌਰ ਦੇ ਨਾਲ ਮਿਲਿਆ ਹੋਇਆ ਹੈ।
ਜਸਨੀਤ ਕੌਰ ਇੰਸਟਾਗ੍ਰਾਮ ‘ਤੇ ਅਸ਼ਲੀਲ video ਅਤੇ ਫੁਟੇਜ ਦੇ ਨਾਲ ਫੇਮਸ ਹੋਈ ਸੀ। ਜਸਨੀਤ ਕੌਰ ਇੰਸਟਾਗ੍ਰਾਮ ‘ਤੇ ਆਪਣੀਆਂ ਅਸ਼ਲੀਲ ਵੀਡੀਓ ਅਪਲੋਡ ਕਰਦੀ ਸੀ, ਇਨ੍ਹਾਂ ਵੀਡੀਓ ਅਤੇ ਫੋਟੋ ਤੋਂ ਨੌਜਵਾਨ ਜਸਨੀਤ ਵੱਲ ਆਕਰਸ਼ਿਤ ਹੋ ਜਾਂਦੇ ਸੀ ਤੇ ਉਹ ਜਸਨੀਤ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਸਨ ਤਾਂ ਜਸਨੀਤ ਉਹਨਾਂ ਨੂੰ ਆਪਣੇ ਜਾਲ ਵਿਚ ਫਸਾਉਂਦੀ ਸੀ। ਇਸ ਤੋਂ ਬਾਅਦ ਜਸਨੀਤ ਦੇ ਸਾਥੀਆਂ ਵਲੋਂ ਫਿਰ ਲੋਕਾਂ ਨੂੰ ਬੈਲਕਮੇਲ ਕੀਤਾ ਜਾਂਦਾ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ।